ਏਲਨਾਬਾਦ: ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਦੇ ਸਬੰਧ ਵਿੱਚ ਪਿੰਡ ਮਿਠੁਨਪੁਰਾ ਦੇ ਸ਼ਹੀਦ ਭਗਤ ਸਿੰਘ ਟਰੱਸਟ ਵੱਲੋਂ ਕਰਵਾਈ ਮੈਰਾਥਨ ਵਿੱਚ ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦੇ ਸੰਦੀਪ ਸ਼ਿਓਰਾਨ ਨੇ ਪਹਿਲਾ ਸਥਾਨ ਕੀਤਾ। ਪ੍ਰੋਗਰਾਮ ਵਿੱਚ ਅਕਾਸ਼ ਭਾਬੂ ਮੁੱਖ ਮਹਿਮਾਨ ਜਦੋਂਕਿ ਅਮਰਪਾਲ ਸਿੰਘ ਖੋਸਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਕੇ ਅਜਿਹੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ 5 ਕਿਲੋਮੀਟਰ ਮੈਰਾਥਨ ਦੌੜ ਵਿੱਚ ਮੁੰਨਾ ਸ਼ੇਰਪੁਰਾ (ਰਾਜਸਥਾਨ) ਦੂਜੇ, ਦਾਰਾ ਸਿੰਘ ਕੁਮਹਾਰੀਆ ਤੀਜੇ ਅਤੇ ਸੂਰਤਗੜ੍ਹ ਅਕੈਡਮੀ ਦਾ ਖਿਡਾਰੀ ਚੌਥੇ ਸਥਾਨ ’ਤੇ ਰਿਹਾ। ਪ੍ਰਬੰਧਕਾਂ ਵੱਲੋਂ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਸਥਾਨ ’ਤੇ ਰਹੇ ਦੌੜਾਕਾਂ ਨੂੰ ਕ੍ਰਮਵਾਰ 5100, 3100, 2100 ਤੇ 1100 ਰੁਪਏ ਨਗਦ ਸਣੇ ਸਨਮਾਨ ਚਿੰਨ੍ਹ ਦਿੱਤੇ ਗਏ। ਇਸ ਮੌਕੇ ਸਾਬਕਾ ਸਰਪੰਚ ਰਾਮ ਕੁਮਾਰ, ਸੋਹਣ ਲਾਲ ਸਿਹਾਗ, ਬਲਵੰਤ ਪੂਨੀਆ, ਸੁਰਜੀਤ ਗੋਦਾਰਾ, ਰਣਜੀਤ ਸਿੰਘ ਬਰਾੜ, ਮੇਘਰਾਮ ਸੋਲੰਕੀ ਸਣੇ ਪੁਲੀਸ ਪ੍ਰਸ਼ਾਸਨ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ। -ਪੱਤਰ ਪ੍ਰੇਰਕ