ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਅਕਤੂਬਰ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਹਾੜੀ ਦੀ ਬਿਜਾਈ ਲਈ ਕਿਸਾਨਾਂ ਨੂੰ ਉੱਚ ਮਿਆਰੀ ਖਾਦ, ਕੀਟਨਾਸ਼ਕ ਤੇ ਬੀਜ ਤੇ ਹੋਰ ਖੇਤੀ ਸਮੱਗਰੀ ਮੁਹੱਈਆ ਕਰਵਾਉਣ ਲਈ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਇੱਥੇ ਕਰੀਬ ਮਹੀਨਾ ਪਹਿਲਾਂ ਬਰਾਮਦ ਗ਼ੈਰ ਮਿਆਰੀ ਕੀਟਨਾਸ਼ਕ ਦਵਾਈਆਂ ਦੇ ਨਮੂਨੇ ਫੇਲ ਹੋਣ ਨਾਲ ਵਿਭਾਗ ਨੇ ਅਚਾਨਕ ਵਿਸ਼ੇਸ਼ ਚੈਕਿੰਗ ਮੁਹਿੰਮ ਵਿੱਢੀ ਹੈ। ਇਥੇ ਇੱਕ ਦੁਕਾਨਦਾਰ ਵੱਲੋਂ ਅਣਅਧਿਕਾਰਤ ਤੌਰ ਉੱਤੇ ਗੁਦਾਮ ’ਚ ਕਣਕ ਦਾ ਬੀਜ ਸਟੋਰ ਕਰਨ ਉੱਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਤੇ ਡਾ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪਿਛਲੇ ਦਿਨੀਂ ਜ਼ਿਲ੍ਹਾ ਮੋਗਾ ’ਚ ਅਣਅਧਿਕਾਰਤ ਤੌਰ ’ਤੇ ਸਟੋਰ ਕੀਤੀਆਂ ਕੀਟਨਾਸ਼ਕ ਦਵਾਈਆਂ ਫੜੀਆਂ ਗਈਆਂ ਸਨ ਉਨ੍ਹਾਂ ਦਾ ਨਮੂਨਾ ਜ਼ੀਰੋ ਫੀਸਦ ਆਇਆ ਹੈ। ਮੁਲਜ਼ਮਾਂ ਖ਼ਿਲਾਫ਼ ਐੱਫ਼ਆਈਆਰ ਦਰਜ ਕਰਵਾਈ ਗਈ ਹੈ। ਇੱਥੇ ਚੈਕਿੰਗ ਦੌਰਾਨ ਨਵੀਂ ਅਨਾਜ ਦਾਣਾ ਮੰਡੀ ’ਚ ਇਕ ਅਣਅਧਿਕਾਰਤ ਗੁਦਾਮ ਫੜਿਆ ਗਿਆ ਜਿਸ ਵਿੱਚ 150 ਬੈਗ ਕਣਕ ਦਾ ਬੀਜ ਅਣਅਧਿਕਾਰਤ ਤੌਰ ’ਤੇ ਸਟੋਰ ਕਰਕੇ ਰੱਖਿਆ ਹੋਇਆ ਸੀ। ਇਸ ਦੁਕਾਨ ਮਾਲਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਜਾਗਰੂਕ ਕੀਤਾ ਕਿ ਉਹ ਖੇਤੀ ਸਮੱਗਰੀ ਖਰੀਦ ਕਰਨ ਸਮੇਂ ਪੱਕਾ ਬਿੱਲ ਜ਼ਰੂਰ ਲੈਣ।