ਮਹਿੰਦਰ ਸਿੰਘ ਰੱਤੀਆਂ
ਮੋਗਾ, 12 ਫਰਵਰੀ
ਇੱਥੇ ਸੰਯੁਕਤ ਕਿਸਾਨ ਮੋਰਚੇ ਤੇ ਜਨਤਕ ਜਥੇਬੰਦੀਆਂ ਵੱਲੋਂ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਵਿੱਢੇ ਸੰਘਰਸ਼ ਦੌਰਾਨ ਸ਼ਹੀਦ ਕਿਸਾਨਾਂ ਨੂੰ ਮੋਮਬੱਤੀ ਮਾਰਚ ਨਾਲ ਸ਼ਰਧਾਂਜਲੀ ਭੇਟ ਕੀਤੀ ਗਈ। ਇਹ ਮਾਰਚ ਸਥਾਨਕ ਨੇਚਰ ਪਾਰਕ ਤੋਂ ਸ਼ੁਰੂ ਹੋ ਕੇ ਬਾਜ਼ਾਰ ਵਿੱਚ ਦੀ ਹੁੰਦਾ ਹੋਇਆ ਸ਼ਹਿਰ ਦੇ ਮੁੱਖ ਚੌਕ ਵਿੱਚ ਪੁੱਜਿਆ ਅਤੇ ਕਿਸਾਨਾਂ ਦੀ ਸ਼ਹਾਦਤ ਨੂੰ ਸਲਾਮ ਕੀਤੀ।
ਇਸ ਮੌਕੇ ਸੀਪੀਆਈ ਆਗੂ ਕੁਲਦੀਪ ਭੋਲਾ, ਕਿਰਤੀ ਕਿਸਾਨ ਯੂਨੀਅਨ ਆਗੂ ਸੁਰਿੰਦਰ ਸਿੰਘ ਰਾਕਟ ਘਾਲੀ,ਜਗਜੀਤ ਸਿੰਘ ਧੂੜਕੋਟ, ਨੌਜਵਾਨ ਭਾਰਤ ਸਭਾ ਆਗੂ ਕਰਮਜੀਤ ਮਾਣੂੰਕੇ,ਸੁਖਜਿੰਦਰ ਮਹੇਸਰੀ, ਕਰਮਵੀਰ ਕੌਰ ਬੱਧਨੀ, ਗੋਲੂ ਗੱਜਣਵਾਲਾ ਤੇ ਅਵਤਾਰ ਸਿੰਘ ਚੜਿੱਕ ਨੇ ਕੇਂਦਰ ਸਰਕਾਰ ਦੀ ਕਿਸਾਨ ਵਿਰੋਧੀ ਨੀਤੀਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਦੇਸ਼ ਦਾ ਅੰਨਦਾਤਾ ਅੱਜ ਆਪਣੇ ਹੱਕਾਂ ਅਤੇ ਦੇਸ਼ ਨੂੰ ਰਜਵਾੜਾਸ਼ਾਹੀ ਤੋਂ ਬਚਾਉਣ ਦੀ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਦੌਰਾਨ ਸੈਂਕੜੇ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ। ਉਨ੍ਹਾਂ ਦੀ ਸ਼ਹਾਦਤ ਬਾਅਦ ਵੀ ਕੇਂਦਰ ਦੀ ਸਰਕਾਰ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਸੰਘਰਸ਼ ਦੀ ਹਰ ਵਰਗ ਹਮਾਇਤ ਕਰ ਰਿਹਾ ਹੈ ਅਤੇ ਅੱਜ ਸ਼ਹੀਦ ਹੋਏ ਕਿਸਾਨਾਂ ਨੂੰ ਮੋਮਬੱਤੀ ਮਾਰਚ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਕਿਸਾਨ ਮਾਰੂ ਤਿੰਨੋਂ ਖੇਤੀ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।