ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 4 ਫ਼ਰਵਰੀ
ਚੋਣਾਂ ’ਚ ਉਮੀਦਵਾਰਾਂ ਨੂੰ ਲੱਡੂਆਂ ਨਾਲ ਤੋਲਣ ਦੇ ਵਧ ਰਹੇ ਰੁਝਾਨ ਕਾਰਨ ਹਲਵਾਈਆਂ ਦੀ ਵਿਕਰੀ ਵਧ ਗਈ ਹੈ ਜਿਸ ਕਾਰਨ ਉਨ੍ਹਾਂ ’ਚ ਖੁਸ਼ੀ ਪਾਈ ਜਾ ਰਹੀ ਹੈ। ਵਿਧਾਨ ਸਭਾ ਹਲਕਾ ਫਰੀਦਕੋਟ ਦੇ ਅੱਧੀ ਦਰਜਨ ਪਿੰਡਾਂ ਵਿੱਚ ਆਪ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਨੂੰ ਵਿਧਾਨ ਸਭਾ ਹਲਕੇ ਦੇ ਪਿੰਡ ਡੱਲੇਵਾਲਾ ਸੁੱਖਣਵਾਲਾ ਸ਼ੇਰ ਸਿੰਘ ਵਾਲਾ ਵਿੱਚ ਅੱਜ ਲੱਡੂਆਂ ਨਾਲ ਤੋਲਿਆ ਗਿਆ। ਇਸੇ ਤਰ੍ਹਾਂ ਅਕਾਲੀ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਦਾ ਵੀ ਹਿਠਾੜ ਦੇ ਪਿੰਡਾਂ ਵਿੱਚ ਲੱਡੂਆਂ ਨਾਲ ਤੋਲ ਕੇ ਸੁਆਗਤ ਕੀਤਾ ਗਿਆ। ਕਾਂਗਰਸ ਪਾਰਟੀ ਦੇ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਫ਼ਰੀਦਕੋਟ ਦਿਹਾਤੀ ਨਵੇਂ ਕਿਲੇ ਅਤੇ ਗੋਲੇਵਾਲਾ ਵਿੱਚ ਲੱਡੂਆਂ ਨਾਲ ਤੋਲਿਆ ਗਿਆ। ਸਿਆਸੀ ਪਾਰਟੀਆਂ ਦੇ ਵਰਕਰਾਂ ਦੀਆਂ ਇਨ੍ਹਾਂ ਸਰਗਰਮੀਆਂ ਤੋਂ ਹਲਵਾਈ ਬਾਗੋ ਬਾਗ ਹਨ। ਭੁੱਲਰ ਸਵੀਟ ਹਾਊਸ ਗੋਲੇਵਾਲਾ ਦੇ ਮਾਲਕ ਗੁਰਨੂਰ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰਾਂ ਨੂੰ ਲੱਡੂਆਂ ਨਾਲ ਤੋਲਣ ਕਾਰਨ ਰੋਜ਼ਾਨਾ ਲੱਡੂਆਂ ਦੀ ਮੰਗ ਵਧ ਰਹੀ ਹੈ। ਗੁਰਨੂਰ ਸਿੰਘ ਨੇ ਦੱਸਿਆ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਹਲਵਾਈਆਂ ਨੇ ਲੱਡੂ ਐਡਵਾਂਸ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਹਲਵਾਈ ਗੁਰਦੀਪ ਸਿੰਘ ਨੇ ਦੱਸਿਆ ਕਿ ਪੂਰੇ ਵਿਧਾਨ ਸਭਾ ਹਲਕੇ ਵਿੱਚ ਹਰ ਰੋਜ਼ ਵੀਹ ਤੋਂ ਪੱਚੀ ਕੁਇੰਟਲ ਲੱਡੂ ਵਾਧੂ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ 11 ਫਰਵਰੀ ਤੋਂ ਬਾਅਦ ਸਿਆਸੀ ਰੈਲੀਆਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਨਾਲ ਮਠਿਆਈਆਂ ਦੀ ਲਾਗਤ ਹੋਰ ਵਧੇਗੀ। ਕਈਆਂ ਪਿੰਡਾਂ ਵਿਚ ਉਮੀਦਵਾਰਾਂ ਕਿੰਨੂਆਂ, ਸੇਬਾਂ, ਕੇਲਿਆਂ ਆਦਿ ਨਾਲ ਵੀ ਤੋਲਿਆ ਗਿਆ।