ਹਰਦੀਪ ਸਿੰਘ
ਫਤਹਿਗੜ੍ਹ ਪੰਜਤੂਰ, 5 ਮਾਰਚ
ਰੂਸ-ਯੂਕਰੇਨ ਜੰਗ ਦਾ ਅਸਰ ਹੁਣ ਭਾਰਤ ਵਿੱਚ ਵੀ ਪੈਣ ਲੱਗਿਆ ਹੈ। ਜੰਗ ਲੱਗਣ ਤੋਂ ਬਾਅਦ ਖਾਣ ਵਾਲੇ ਤੇਲਾਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਜੰਗ ਤੋਂ ਪਹਿਲਾਂ ਭਾਰਤ-ਯੂਕਰੇਨ ਵਪਾਰ ਤਹਿਤ ਵੱਡੀ ਮਾਤਰਾ ਵਿਚ ਯੂਕਰੇਨ ਤੋਂ ਸੂਰਜਮੁਖੀ ਦਾ ਤੇਲ ਭਾਰਤ ਨੂੰ ਦਰਾਮਦ ਹੁੰਦਾ ਸੀ। ਇਸ ਤੋਂ ਰਿਫਾਈਂਡ ਤੇਲ ਅਤੇ ਬਨਸਪਤੀ ਘਿਓ ਤਿਆਰ ਕਰਕੇ ਬਾਜ਼ਾਰ ’ਚ ਵੇਚਿਆ ਜਾਂਦਾ ਸੀ। ਜੰਗ ਲੱਗਣ ਤੋਂ ਬਾਅਦ ਸੂਰਜਮੁਖੀ ਦੀ ਦਰਾਮਦ ਯੂਕਰੇਨ ਤੋਂ ਬੰਦ ਹੋ ਗਈ ਹੈ ਜਿਸ ਕਾਰਨ ਰਿਫਾਇੰਡ ਦਾ ਇੱਕ ਲਿਟਰ ਵਾਲਾ ਪੋਲੀ ਪਾਊਚ ਜੋ ਜੰਗ ਤੋਂ ਪਹਿਲਾਂ 120 ਰੁਪਏ ਵਿਚ ਵਿਕਦਾ ਸੀ ਹੁਣ 170 ਰੁਪਏ ਰੁਪਏ ਦਾ ਹੋ ਗਿਆ ਹੈ। ਇਸੇ ਤਰ੍ਹਾਂ ਬਨਸਪਤੀ ਘਿਓ ਦਾ ਪਾਊਚ ਜੋ ਪਹਿਲਾਂ 130 ਰੁਪਏ ਪ੍ਰਤੀ ਪੈਕਟ ਵਿਕਦਾ ਸੀ ਹੁਣ 170 ਰੁਪਏ ਹੋ ਗਿਆ ਹੈ। 2100 ਤੋਂ ਲੈ ਕੇ 2200 ਰੁਪਏ ਵਿਚ ਵਿਕਣ ਵਾਲਾ ਪੰਦਰਾਂ ਲੀਟਰ ਦਾ ਰਿਫਾਈਂਡ ਅਤੇ ਬਨਾਸਪਤੀ ਘਿਓ ਦਾ ਟੀਨ ਹੁਣ 2700 ਰੁਪਏ ਤੋਂ ਉੱਪਰ ਵਿਕਣ ਲੱਗਾ ਹੈ। ਇਸ ਮਹਿੰਗਾਈ ਨੇ ਰਸੋਈ ਘਰ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਇਸ ਤੋਂ ਇਲਾਵਾ ਲੋਕਾਂ ਅੰਦਰ ਰਸੋਈ ਗੈਸ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਬੰਧੀ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਲੋਕ ਧੜਾ-ਧੜ ਰਸੋਈ ਗੈਸ ਅਤੇ ਡੀਜ਼ਲ ਤੇਲ ਆਦਿ ਨੂੰ ਸਟਾਕ ਕਰਨ ਵਿਚ ਰੁੱਝੇ ਹੋਏ ਹਨ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਸਥਾਨਕ ਆਪ ਆਗੂ ਭੁਪੇਸ਼ ਗਰਗ ਨੇ ਖਾਣ ਵਾਲੇ ਤੇਲਾਂ ਦੇ ਭਾਅ ਵਿੱਚ ਅਚਾਨਕ ਹੋਏ ਵਾਧੇ ਨੂੰ ਦੇਸ਼ਵਾਸੀਆਂ ਲਈ ਮਾਰੂ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕ ਪਹਿਲਾਂ ਹੀ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਹੇ ਹਨ ਉੱਪਰੋਂ ਇਨ੍ਹਾਂ ਵਸਤੂਆਂ ਨੇ ਆਮ ਲੋਕਾਂ ਨੂੰ ਨਿਰਾਸ਼ਾ ਵੱਲ ਧੱਕ ਦਿਤਾ ਹੈ।