ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 15 ਫਰਵਰੀ
ਵਿਧਾਨ ਸਭਾ ਹਲਕਾ ਕੋਟਕਪੂਰਾ ’ਚ ਅੱਜ ਕਾਂਗਰਸ ਦੀ ਚੋਣ ਮੁਹਿੰਮ ਨੂੰ ਉਦੋਂ ਬਲ ਮਿਲਿਆ ਜਦ ਕਾਂਗਰਸ ਦੇ ਰੁੱਸੇ ਆਗੂ ਵੀ ਉਮੀਦਵਾਰ ਅਜੈਪਾਲ ਸਿੰਘ ਦੇ ਹੱਕ ਵਿੱਚ ਮੈਦਾਨ ਵਿੱਚ ਨਿੱਤਰ ਆਏ ਹਨ। ਇਨ੍ਹਾਂ ਆਗੂਆਂ ਵਿੱਚ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਉਕਾਰ ਗੋਇਲ, ਮਹਾਸ਼ਾ ਲਖਵੰਤ ਸਿੰਘ ਬਰਾੜ, ਘਨਸ਼ਾਮ ਦਾਸ ਉਰਫ ਕੁੱਕੂ ਗੁਪਤਾ, ਹਰਦੀਪ ਸਿੰਘ ਕਟਾਰੀਆ, ਮੁਕੰਦ ਸਿੰਘ ਕੰਦੀ ਆਦਿ ਦੇ ਨਾਂ ਸ਼ਾਮਲ ਹਨ। ਅਜੈਪਾਲ ਸਿੰਘ ਸੰਧੂ ਅੱਜ ਬਾਅਦ ਦੁਪਹਿਰ ਆਪਣੇ ਚੋਣ ਦਫ਼ਤਰ ਵਿੱਚ ਪਾਰਟੀ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ,‘‘ਕਾਂਗਰਸ ਪਾਰਟੀ ਦਾ ਹਰ ਵਰਕਰ ਆਪਣੇ ਆਪ ਨੂੰ ਅਜੈਪਾਲ ਸੰਧੂ ਸਮਝ ਕੇ ਪਾਰਟੀ ਲਈ ਕੰਮ ਕਰੇ, ਉਨ੍ਹਾਂ ਵੱਲੋਂ ਵਰਕਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਮਿਲੇਗਾ। ਸ਼ਹਿਰੀ ਖੇਤਰ ਅਤੇ ਪੇਂਡੂ ਖੇਤਰ ਵਿਚ ਟੀਮਾਂ ਬਣਾ ਕੇ ਵਿਧਾਨ ਸਭਾ ਦੇ ਹਰ ਇਕ ਵੋਟਰ ਤੱਕ ਸੰਪਰਕ ਬਣਾਇਆ ਜਾਵੇ।’’ ਅਜੈਪਾਲ ਸੰਧੂ ਨੇ ਪ੍ਰੈੱਸ ਵਾਰਤਾ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਉਹ ਇਹ ਚੋਣ ਜਿੱਤਣ ਮਗਰੋਂ ਆਪਣੇ ਹਲਕੇ ਅੰਦਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਵਾਸਤੇ ਸਟੇਡੀਅਮ ਬਣਵਾਉਣਗੇ।