ਜਗਤਾਰ ਅਣਜਾਣ
ਮੌੜ ਮੰਡੀ, 2 ਸਤੰਬਰ
ਕਰੋਨਾ ਆਫ਼ਤ ਕਾਰਨ ਕੰਮ ਤੋਂ ਵਾਂਝੇ ਹੋਏ ਗਰੀਬ ਪਰਿਵਾਰਾਂ ਲਈ ਕੁਦਰਤੀ ਆਫ਼ਤਾਂ ਨੇ ਜਿਉਣਾ ਮੁਹਾਲ ਕੀਤਾ ਹੋਇਆ ਹੈ ਅਤੇ ਭਾਰੀ ਮੀਂਹ ਹਨੇਰੀਆਂ ਨੇ ਗਰੀਬ ਪਰਿਵਾਰਾਂ ਨੂੰ ਘਰੋਂ ਬੇਘਰ ਕਰ ਦਿੱਤਾ ਹੈ। ਅਜਿਹਾ ਹੀ ਇਕ ਮਾਮਲਾ ਨੇੜਲੇ ਪਿੰਡ ਸੁੱਖਾ ਸਿੰਘ ਵਾਲਾ ਦਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਵਾਸੀ ਬਿੱਕਰ ਸਿੰਘ ਦੇ ਘਰ ਦੀਆਂ ਛੱਤਾਂ ਲਗਭਗ ਦੋ ਮਹੀਨੇ ਪਹਿਲਾਂ ਪਏ ਭਾਰੀ ਮੀਂਹ ਨਾਲ ਡਿੱਗ ਪਈਆਂ ਤੇ ਉਸ ਦੇ ਪੂਰੇ ਪਰਿਵਾਰ ਨੂੰ ਪਿੰਡ ਦੀ ਧਰਮਸ਼ਾਲਾ ਵਿੱਚ ਸ਼ਰਨ ਲੈਣੀ ਪਈ। ਮਜ਼ਦੂਰ ਬਿੱਕਰ ਸਿੰਘ ਨੇ ਦੱਸਿਆ ਕਿ ਉਸ ਕੋਲ ਆਮਦਨ ਦਾ ਕੋਈ ਪੱਕਾ ਸਾਧਨ ਨਹੀਂ ਹੈ, ਸਗੋਂ ਮਿਹਨਤ ਮਜ਼ਦੂਰੀ ਕਰਕੇ ਜੋ ਘਰੇਲੂ ਸਾਮਾਨ ਬਣਾਇਆ ਸੀ, ਉਹ ਵੀ ਧਰਮਸ਼ਾਲਾ ’ਚ ਰੁਲ ਰਿਹਾ ਹੈ ਤੇ ਹੁਣ ਉਹ ਆਪਣੀ ਬਿਰਧ ਮਾਤਾ, ਪਤਨੀ ਅਤੇ ਬੱਚਿਆਂ ਸਮੇਤ ਮਜ਼੍ਹਬੀ ਸਿੱਖਾਂ ਦੀ ਧਰਮਸ਼ਾਲਾ ਵਿੱਚ ਰਹਿਣ ਲਈ ਮਜਬੂਰ ਹੈ। ਕਾਮਰੇਡ ਨਛੱਤਰ ਸਿੰਘ ਨੇ ਦੱਸਿਆ ਕਿ ਕਰੋਨਾ ਸੰਕਟ ਸਮੇਂ ਕੰਮ ਵਿਰਵੇ ਹੋਏ ਬਿੱਕਰ ਸਿੰਘ ਕੋਲ ਰੋਟੀ ਬਣਾਉਣ ਦਾ ਵੀ ਕੋਈ ਪੱਕਾ ਸਾਧਨ ਨਹੀ ਹੈ, ਉਪਰੋਂ ਘਰ ਦੀ ਛੱਤ ਡਿੱਗ ਗਈ। ਉਨ੍ਹਾਂ ਦੱਸਿਆ ਕਿ ਛੱਤ ਨੂੰ ਦੁਬਾਰਾ ਪਾਉਣ ਲਈ ਉਸ ਕੋਲ ਪੈਸੇ ਦਾ ਕੋਈ ਵਸੀਲਾ ਨਹੀਂ ਹੈ। ਮਜ਼ਦੂਰ ਅਧਿਕਾਰ ਅੰਦੋਲਨ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਮਜ਼ਦੂਰ ਪਰਿਵਾਰਾਂ ਦੀ ਸਹੀ ਸ਼ਨਾਖਤ ਕਰਕੇ ਉਨ੍ਹਾਂ ਲਈ ਪ੍ਰਧਾਨ ਮੰਤਰੀ ਆਵਾਸ ਤਹਿਤ ਪੱਕੇ ਘਰ ਬਣਾ ਕੇ ਦਿੱਤੇ ਜਾਣ।
ਮਕਾਨ ਬਣਾਉਣ ਲਈ ਮਦਦ ਮੰਗੀ
ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਸਥਾਨਕ ਬਰਫ਼ ਵਾਲੀ ਗਲੀ ਵਿੱਚ ਕਿਰਾਏ ’ਤੇ ਰਹਿੰਦੇ ਰਾਜੂ ਨੇ ਸਮਾਜਸੇਵੀ ਸੰਸਥਾਵਾਂ ਤੋਂ ਮਕਾਨ ਬਣਾਉਣ ਲਈ ਮਦਦ ਮੰਗੀ ਹੈ। ਰਾਜੂ(43) ਆਪਣੀ ਪਤਨੀ ਅਤੇ 3 ਧੀਆਂ ਨਾਲ ਕਿਰਾਏ ਦੇ 10 ਫੁੱਟੇ ਕਮਰੇ ਵਿੱਚ ਰਹਿ ਰਿਹਾ ਹੈ ਅਤੇ ਇਸ ਕਮਰੇ ਦਾ ਰਾਜੂ 1000 ਰੁਪਏ ਕਿਰਾਇਆ ਅਤੇ ਇਸ ਤੋਂ ਇਲਾਵਾ ਬਿਜਲੀ ਦਾ ਬਿੱਲ ਵੀ ਅਦਾ ਕਰਦਾ ਹੈ। ਦਿਹਾੜੀਦਾਰ ਰਾਜੂ ਨੇ ਦੱਸਿਆ ਕਿ ਉਸ ਦੀਆਂ ਤਿੰਨ ਧੀਆਂ 10, 8 ਅਤੇ 5 ਸਾਲ ਦੀਆਂ ਹਨ ਅਤੇ ਛੋਟੀ ਧੀ ਦੀ ਇਕ ਅੱਖ ਵੀ ਨਹੀਂ ਹੈ ਅਤੇ ਉਸ ਦੇ ਇਲਾਜ ਲਈ ਵੀ ਪੈਸੇ ਲੋੜ ਹੈ ਪਰ ਦੋ ਵੇਲੇ ਦੀ ਰੋਟੀ ਦਾ ਜੁਗਾੜ ਹੀ ਬੜੀ ਮੁਸ਼ਕਿਲ ਨਾਲ ਹੁੰਦਾ ਹੈ,ਅਜਿਹੇ ਵਿੱਚ ਇਲਾਜ ਬਾਰੇ ਸੋਚਿਆ ਹੀ ਨਹੀਂ ਜਾ ਸਕਦਾ। ਗਸਮਾਜਸੇਵੀ ਐਡਵੋਕੇਟ ਨਰਾਇਣ ਦਾਸ ਸਿੰਗਲਾ ਨੇ ਜਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਾਜੂ ਨੂੰ ਘਰ ਬਣਾਉਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਰਾਸ਼ੀ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਸਹਿਯੋਗ ਦੇਣ ਲਈ 98727-23884 ’ਤੇ ਸੰਪਰਕ ਕਰਨ ਦੀ ਅਪੀਲ ਕੀਤੀ।