ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਜੂਨ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਵੱਖ-ਵੱਖ ਥਾਵਾਂ ਉੱਤੇ ਪਿੰਡਾਂ ’ਚ ਮਾਰਚ ਕਰ ਕੇ ਘੱਲੂਘਾਰਾ ਦਿਵਸ ਮਨਾਇਆ ਗਿਆ। ਪ੍ਰਸ਼ਾਸਨ ਨੇ ਹਿੰਦੂ ਜਥੇਬੰਦੀਆਂ ਨੂੰ ਜਨਤਕ ਥਾਵਾਂ ਉੱਤੇ ਸਮਾਗਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਆਗੂਆਂ ਨੇ ਆਪਣੇ ਘਰਾਂ ਵਿੱਚ ਹੀ ਘੱਲੂਘਾਰਾ ਸਬੰਧ ’ਚ ਸਮਾਗਮ ਕੀਤੇ।
ਇੱਥੇ ਅਡਾਨੀ ਸਾਈਲੋ ਅਨਾਜ ਭੰਡਾਰ ਕੋਲ ਲੋਕ ਸੰਗਰਾਮ ਮੰਚ ਦੇ ਸੂਬਾਈ ਪ੍ਰਧਾਨ ਤਾਰਾ ਸਿੰਘ ਨੇ 1984 ਦੇ ਸ਼ਹੀਦਾਂ ਨੂੰ ਸਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਨੀਲਾ ਤਾਰਾ ਸਾਕੇ ਪਸ਼ਚਾਤਾਪ ਲਈ ਕੇਂਦਰ ਸਰਕਾਰ ਮੁਆਫ਼ੀ ਮੰਗੇ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਨੇ ਜੂਨ 1984 ਨੂੰ ਪੰਜਾਬੀ ਕੌਮ ਤੇ ਧਾਰਮਿਕ ਘੱਟ ਗਿਣਤੀ- ਸਿੱਖਾਂ ਤੇ ਨਾਦਰਸ਼ਾਹੀ ਹਮਲਾ ਕੀਤਾ ਸੀ। ਬੀਜੇਪੀ ਨੇ ਵੀ ਇਸ ਹਮਲੇ ਲਈ ਇੰਦਰਾ ਗਾਂਧੀ ਨੂੰ ਥਾਪੜਾ ਦਿੱਤਾ ਸੀ।
ਇਸ ਮੌਕੇ ਸੂਬਾ ਕਮੇਟੀ ਮੈਂਬਰ ਮਾਸਟਰ ਦਰਸ਼ਨ ਸਿੰਘ ਤੂਰ ਅਤੇ ਬੀਕੇਯੂ ਕ੍ਰਾਂਤੀਕਾਰੀ ਦੇ ਸੂਬਾਈ ਜਨਰਲ ਸਕੱਤਰ ਬਲਦੇਵ ਜੀਰਾ, ਜ਼ਿਲ੍ਹਾ ਸਕੱਤਰ ਨਛੱਤਰ ਸਿੰਘ ਪ੍ਰੇਮੀ, ਔਰਤ ਵਿੰਗ ਆਗੂ ਸੁਰਿੰਦਰ ਕੌਰ ਢੁਡੀਕੇ ਹਾਜ਼ਰ ਸਨ।
ਬਾਘਾਪੁਰਾਣਾ ਨੇੜੇ ਰਿਲਾਂਇਸ ਪੈਟਰੌਲ ਪੰਪ ਉੱਤੇ ਪੱਕੇ ਧਰਨੇ ਉੱਤੇ ਮੱਘਰ ਸਿੰਘ ਅਤੇ ਲਾਭ ਸਿੰਘ ਰੋਡੇ ਨੇ ਸ਼ਹੀਦਾਂ ਨੂੰ ਸਰਧਾਂਲੀ ਭੇਟ ਕੀਤੀ। ਧਰਮਕੋਟ ਵਿਚ ਜਥੇਬੰਦੀ ਆਗੂ ਪਰਮਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਕਿਸਾਨਾ ਨੇ ਸ਼ਰਧਾਂਜਲੀ ਭੇਟ ਕੀਤੀ ਗਈ।
ਬਰਨਾਲਾ (ਪਰਸ਼ੋਤਮ ਬੱਲੀ): ਖੇਤੀ ਕਾਨੂੰਨਾਂ ਖਿਲਾਫ਼ ਸਥਾਨਕ ਰੇਲਵੇ ਸਟੇਸ਼ਨ ’ਤੇ ਲੱਗੇ ਸਾਂਝੇ ਕਿਸਾਨ ਮੋਰਚੇ ਦੇ 249ਵੇਂ ਦਿਨ ਸਨ 2017 ‘ਚ 6 ਜੂਨ ਨੂੰ ਮੱਧ ਪ੍ਰਦੇਸ਼ ਦੇ ਮੰਦਸੌਰ ’ਚ ਪੁਲੀਸ ਫਾਈਰਿੰਗ ‘ਚ ਸ਼ਹੀਦ ਹੋਏ ਕਿਸਾਨਾਂ ਅਤੇ ਲੰਘੇ ਦਿਨ ਫੌਤ ਹੋਏ ਸੀਨੀਅਰ ਮੁਲਾਜ਼ਮ ਆਗੂ ਸੁਖਦੇਵ ਸਿੰਘ ਬੜੀ ਨੂੰ ਧਰਨਾ ਸਥਾਨ ‘ਤੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ|
ਬੁਲਾਰਿਆਂ ਕਿਹਾ ਕਿ ਸੁੁਖਦੇਵ ਸਿੰਘ ਬੜੀ ਪੰਜਾਬ ਦੀ ਮੁੁਲਾਜ਼ਮ ਲਹਿਰ ਦੇ ਸਿਰਕੱਢ ਆਗੂ ਰਹੇ ਹਨ| ਮੰਦਸੌਰ ‘ਚ ਗੰਢਿਆਂ ਦੇ ਵਾਜਬ ਭਾਅ ਲਈ ਸੰਘਰਸ਼ ਸਮੇਂ ਪੁਲੀਸ ਦੀ ਗੋਲੀ ਨਾਲ ਪ੍ਰਦਰਸ਼ਨਕਾਰੀ ਛੇ ਕਿਸਾਨ ਸ਼ਹੀਦ ਹੋ ਗਏ ਸਨ, ਇਨ੍ਹਾਂ ਨੂੰ ਅੱਜ ਧਰਨੇ ਵਿੱਚ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ| ਅੱਜ ਪ੍ਰੀਤ ਕੌਰ ਧੂਰੀ ਤੇ ਜਗਰਾਜ ਸਿੰਘ ਠੁੱਲੀਵਾਲ ਦੇ ਕਵੀਸ਼ਰੀ ਜਥਿਆਂ ਨੇ ਕਵੀਸ਼ਰੀ ਪੇਸ਼ ਕੀਤੀ| ਬੱਚੀ ਜਸਕਿਰਨ ਨੇ ਕਵਿਤਾ ਸੁੁਣਾਈ|
ਬਰੇਟਾ (ਸਤ ਪ੍ਰਕਾਸ਼ ਸਿੰਗਲਾ): ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਲਗਾਤਾਰ ਚਲਾਏ ਜਾ ਰਹੇ ਕਿਸਾਨ ਧਰਨੇ ਰੇਲਵੇ ਦੀ ਪਾਰਕਿੰਗ ਤੇ ਸਾਂਝਾ ਕਿਸਾਨ ਮੋਰਚਾ ਅਤੇ ਪੈਟਰੋਲ ਪੰਪ ’ਤੇ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜਾਰੀ ਰੱਖੇ ਜਾ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਕਿਸਾਨ ਸੰਘਰਸ਼ ਜਾਰੀ ਰੱਖਣਗੇ|
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਬੈਸਟ ਪ੍ਰਾਈਸ ਮਾਲ ਅਤੇ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਚੱਲ ਰਹੇ ਮੋਰਚੇ ਜਾਰੀ ਰਹੇ। ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂ ਬਲਜੀਤ ਸਿੰਘ, ਕਰਮਜੀਤ ਕੌਰ, ਸਿਮਰਜੀਤ ਸਿੰਘ, ਜਗਜੀਤ ਸਿੰਘ, ਗੁਰਮੇਲ ਸਿੰਘ ਅਤੇ ਬਲਤੇਜ ਸਿੰਘ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਪੋਲ ਖੋਲ੍ਹੀ।
ਸ਼ਿਵ ਸੈਨਾ ਆਗੂ ਘਰ ਵਿਚ ਨਜ਼ਰਬੰਦ
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਐਤਵਾਰ ਨੂੰ ਘੱਲੂਘਾਰਾ ਦਿਵਸ ਮੌਕੇ ਸ਼ਿਵ ਸੈਨਾ ਆਗੂਆਂ ਅਤੇ ਸਿੱਖ ਜਥੇਬੰਦੀਆਂ ਦੇ ਸੰਭਾਵਿਤ ਟਕਰਾਅ ਦੇ ਮੱਦੇਨਜ਼ਰ ਸਥਾਨਕ ਪੁਲੀਸ ਨੇ ਸ਼ਿਵ ਸੈਨਾ ਆਗੂ ਮਿੰਕੂ ਚੌਧਰੀ ਨੂੰ ਅੱਜ ਉਸ ਦੇ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ। ਸ਼ਿਵ ਸੈਨਾ (ਬਾਲ ਠਾਕਰੇ) ਦੇ ਪੰਜਾਬ ਉਪ ਪ੍ਰਧਾਨ ਮਿੰਕੂ ਚੌਧਰੀ ਦਾ ਕਹਿਣਾ ਹੈ ਕਿ ਉਸ ਨੇ ਅੱਜ ਸ਼ਹੀਦ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਜਾਣਾ ਸੀ ਪਰ ਉਹ ਪੁਲੀਸ ਦੀ ਵਜ੍ਹਾ ਕਰ ਕੇ ਉਹ ਆਪਣੇ ਘਰੋਂ ਬਾਹਰ ਨਹੀਂ ਨਿਕਲ ਸਕਿਆ। ਉਸ ਨੇ ਕਿਹਾ ਕਿ ਪੁਲੀਸ ਨੇ ਸਿੱਖ ਸੰਗਠਨਾਂ ਦੇ ਦਬਾਅ ਹੇਠ ਆ ਕੇ ਸ਼ਿਵ ਸੈਨਾ ਦੇ ਕਿਸੇ ਵੀ ਵਰਕਰ ਨੂੰ ਉਸ ਦੇ ਘਰ ਤੱਕ ਨਹੀਂ ਆਉਣ ਦਿੱਤਾ। ਦੂਜੇ ਪਾਸੇ, ਸ਼ਹਿਰ ਦੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਹੀਦ ਊਧਮ ਸਿੰਘ ਚੌਕ ਵਿਚ ਇਕੱਠ ਕਰ ਕੇ ਅਪਰੇਸ਼ਨ ਬਲੂ ਸਟਾਰ ਦੌਰਾਨ ਸ਼ਹੀਦ ਹੋਏ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕੀਤੀ।