ਰਾਜਿੰਦਰ ਵਰਮਾ
ਭਦੌੜ, 21 ਅਕਤੂਬਰ
ਕਿਸਾਨ ਜਥੇਬੰਦੀਆਂ ਵੱਲੋਂ ਕਾਲੇ ਕਾਨੂੰਨਾਂ ਦੇ ਰੋਸ ਵਜੋਂ ਜ਼ਿਲ੍ਹੇ ਦੇ ਰਿਲਾਇੰਸ ਅਤੇ ਐਸਾਰ ਪੈਟਰੋਲ ਪੰਪਾਂ ’ਤੇ ਦਿੱਤੇ ਜਾ ਰਹੇ ਧਰਨਿਆਂ ਕਾਰਨ ਪੰਪ ਡੀਲਰਾਂ ਨੇ ਘਾਟਾ ਨਾ ਸਹਾਰਦਿਆਂ ਮੁਲਾਜ਼ਮਾਂ ਦੀ ਛਾਂਟੀ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਬਰਨਾਲਾ ਜ਼ਿਲ੍ਹੇ ਵਿਚ ਰਿਲਾਇੰਸ ਦੇ ਤਿੰਨ ਪੈਟਰੋਲ ਪੰਪ ਹਨ, ਜਿੱਥੇ ਲਗਪਗ 50 ਵਿਅਕਤੀਆਂ ਨੂੰ ਰੁਜ਼ਗਾਰ ਮਿਲਿਆ ਹੋਇਆ ਸੀ। ਪਹਿਲੀ ਅਕਤੂਬਰ ਤੋਂ ਪੰਜਾਬ ਵਿੱਚ ਜ਼ਮੀਨਾਂ ਨੂੰ ਬਚਾਉਣ ਲਈ ਵਿੱਢੇ ਅੰਦੋਲਨ ਤਹਿਤ ਕਿਸਾਨਾਂ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰਾਂ ਦਾ ਘਿਰਾਓ ਕਰ ਕੇ ਧਰਨੇ ਦਿੱਤੇ ਜਾ ਰਹੇ ਹਨ। ਇਸ ਕਾਰਨ ਤੇਲ ਦੀ ਵਿਕਰੀ ਬੰਦ ਹੈ। ਭਦੌੜ ਦੇ ਪੈਟਰੋਲ ਪੰਪ ’ਤੇ ਮੈਨੇਜਰ ਸਣੇ 16 ਵਿਅਕਤੀ ਕੰਮ ਕਰਦੇ ਸਨ ਪਰ ਪੰਪ ਦੇ ਮਾਲਕ ਨੇ 10 ਅਕਤੂਬਰ ਤੋਂ 15 ਮੁਲਾਜ਼ਮਾਂ ਨੂੰ ਕੰਮ ਤੋਂ ਫ਼ਾਰਗ ਕਰ ਦਿੱਤਾ। ਪੰਪ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਤੇਲ ਦੀ ਵਿਕਰੀ ਬੰਦ ਹੋਣ ਕਰ ਕੇ ਆਮਦਨ ਰੁਕੀ ਹੋਈ ਹੈ। ਆਮਦਨ ਦਾ ਕੋਈ ਹੋਰ ਸਾਧਨ ਨਾ ਹੋਣ ਕਰਕੇ ਮਜਬੂਰੀ ਵੱਸ 15 ਮੁਲਾਜ਼ਮਾਂ ਨੂੰ ਹਟਾਉਣਾ ਪਿਆ। ਇਸੇ ਤਰ੍ਹਾਂ ਧਨੌਲਾ ਤੇ ਸੰਘੇੜਾ ਦੇ ਪੰਪਾਂ ’ਤੇ ਦਸ-ਦਸ ਮੁਲਾਜ਼ਮ ਕੰਮ ਕਰਦੇ ਸਨ, ਉੱਥੇ ਵੀ ਮੁਲਾਜ਼ਮਾਂ ਨੂੰ ਹਟਾ ਦਿੱਤਾ ਗਿਆ ਹੈ। ਭੋਤਨਾ ਦੇ ਐਸਾਰ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਸਿਰਫ਼ ਮੈਨੇਜਰ ਨਾਲ ਹੀ ਕੰਮ ਚਲਾਉਣਾ ਪੈ ਰਿਹਾ ਹੈ।