ਪੱਤਰ ਪ੍ਰੇਰਕ
ਜੈਤੋ, 21 ਦਸੰਬਰ
ਪਿੰਡ ਰਾਮੇਆਣਾ ’ਚ ਕਿਸਾਨ ਸੰਘਰਸ਼ ਦੀ ਜਿੱਤ ਦੇ ਯੋਧੇ ਕਿਸਾਨ ਆਗੂਆਂ ਦਾ ਸਨਮਾਨ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਇਕਾਈ ਪ੍ਰਧਾਨ ਬਲਜੀਤ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਸਰਾਂ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿਚ ਬੀਕੇਯੂ (ਡਕੌਂਦਾ) ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਧਰਮਪਾਲ ਸਿੰਘ ਰੋੜੀਕਪੂਰਾ, ਜ਼ਿਲ੍ਹਾ ਮੀਤ ਪ੍ਰਧਾਨ ਕਰਮਜੀਤ ਸਿੰਘ ਚੈਨਾ ਦੇ ਭਰਾ ਜਸਵੀਰ ਸਿੰਘ ਸੀਰਾ, ਸੁਖਦੇਵ ਸਿੰਘ ਰਾਮੇਆਣਾ ਅਤੇ ਪੱਤਰਕਾਰ ਪਾਲ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ।
ਟੱਲੇਵਾਲ (ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਖੁਸ਼ੀ ਅਤੇ ਗੁਰੂ ਮਹਾਰਾਜ ਦੇ ਸ਼ੁਕਰਾਨੇ ਵਜੋਂ ਵਿੱਚ ਪਿੰਡ ਚੀਮਾ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵੱਡਾ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਕਰਵਾਏ ਗਏ, ਜਿਸ ਦੇ ਅੱਜ ਭੋਗ ਪਾਏ ਗਏ। ਭੋਗ ਉਪਰੰਤ ਬੀਕੇਯੂ ਡਕੌਂਦਾ ਦੀ ਪਿੰਡ ਇਕਾਈ ਵਲੋਂ ਸੰਘਰਸ਼ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ, ਬਲਾਕ ਸ਼ਹਿਣਾ ਦੇ ਆਗੂ ਕਾਲਾ ਸਿੰਘ ਜੈਦ, ਕੁਲਵੰਤ ਸਿੰਘ ਭਦੌੜ, ਕਮਲ ਅਲਕੜਾ, ਜਗਜੀਤ ਫ਼ੌਜੀ ਅਲਕੜਾ, ਟਿੰਕੂ ਭਦੌੜ, ਗੁਰਮੇਲ ਅਲਕੜਾ ਤੇ ਹਰਮੰਡਲ ਸਿੰਘ ਜੋਧਪੁਰ ਆਦਿ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਜਥੇਬੰਦੀ ਆਗੂ ਬਲਵੰਤ ਸਿੰਘ ਨੰਬਰਦਾਰ, ਇਕਾਈ ਪ੍ਰਧਾਨ ਹਰਬੰਸ ਸਿੰਘ ਤੇ ਗੋਗੀ ਚੀਮਾ ਨੇ ਸੰਘਰਸ਼ ਵਿੱਚ ਸਾਥ ਦੇਣ ਵਾਲੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।
ਭਾਈਰੂਪਾ (ਪੱਤਰ ਪ੍ਰੇਰਕ): ਕਿਸਾਨ ਸੰਘਰਸ਼ ’ਚ ਅਹਿਮ ਯੋਗਦਾਨ ਪਾਉਣ ਵਾਲੇ ਭਾਈਰੂਪਾ ਦੇ ਕਿਸਾਨ ਪਰਿਵਾਰਾਂ ਨੂੰ ਸੰਧੂ ਕਿਸਾਨ ਸੰਘਰਸ਼ ਕਮੇਟੀ ਤੇ ਡੇਰਾ ਨਿਰਮਲਾ ਖੂਹਾਂ ਵਾਲਾ ਭਾਈਰੂਪਾ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਬਾਬਾ ਪਰਮਿੰਦਰ ਸਿੰਘ ਮੁੱਖ ਸੇਵਾਦਾਰ ਡੇਰਾ ਨਿਰਮਲਾ ਖੂਹਾਂ ਵਾਲਾ ਨੇ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹ ਏਕੇ ਅਤੇ ਸਬਰ ਦੀ ਜਿੱਤ ਹੈ। ਇਸ ਮੌਕੇ ਬਾਬਾ ਪਰਮਿੰਦਰ ਸਿੰਘ ਅਤੇ ਸੂਬੇਦਾਰ ਹਰਨੇਕ ਸਿੰਘ ਸੰਧੂ ਵੱਲੋਂ ਨਗਰ ਦੀਆਂ ਸਮੂਹ ਕਿਸਾਨ ਜਥੇਬੰਦੀਆਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਕਿਰਤੀ ਕਿਸਾਨ ਯੂਨੀਅਨ ਅਤੇ ਬਾਕੀ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕੀਤਾ ਗਿਆ ਤੇ ਸਾਰਿਆਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ।