ਪੱਤਰ ਪ੍ਰੇਰਕ
ਬੋਹਾ, 23 ਜੂਨ
ਪਿਛਲੇ ਡੇਢ ਮਹੀਨੇ ਤੋਂ ਆਪਣੀ ਦਿਹਾੜੀ ਤੇ ਝੋਨਾ ਲਵਾਈ ਦੇ ਰੇਟ ਵਧਾਉਣ ਲਈ ਸੰਘਰਸ਼ ਕਰ ਰਹੇ ਖੇਤਰ ਦੇ ਪਿੰਡ ਆਲਮਪੁਰ ਮੰਦਰਾਂ ਸਮੇਤ ਕਈ ਪਿੰਡਾਂ ਦਾ ਮਸਲਾ ਆਖਰ ਕਿਰਤ ਵਿਭਾਗ ਦੇ ਦਫਤਰ ਪਹੁੰਚ ਗਿਆ ਹੈ। ਇਸ ਸਬੰਧੀ ਅੰਬੇਡਕਰ ਕਰਮਚਾਰੀ ਮਹਾਂ ਸੰਘ ਦੇ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਖੇਤਰ ਦੇ ਮਜ਼ਦੂਰ ਆਗੂਆਂ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਦੇ ਸਕੱਤਰ ਸੁਮੇਰ ਸਿੰਘ ਗੁਰਜਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੰਜਾਬ ਦੇ ਮਜ਼ਦੂਰਾਂ ਦਾ ਦਰਦ ਬਿਆਨਦਿਆਂ ਕਿਹਾ ਕਿ 2020 ਤੋਂ ਬਾਅਦ ਮਜ਼ਦੂਰ ਦੀ ਦਿਹਾੜੀ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਗਨਰੇਗਾ ਸਕੀਮ ਤਹਿਤ 100 ਦਿਨ ਦੇ ਰੁਜ਼ਗਾਰ ਦੀ ਗਾਰੰਟੀ ਹੈ ਪਰ ਇਸ ਸਕੀਮ ਨੂੰ ਵੀ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ। ਕਈ ਵਾਰ ਮਗਨਰੇਗਾ ਸਕੀਮ ਤਹਿਤ ਕੰਮ ਕਰਨ ਤੋਂ ਬਾਅਦ ਮਜ਼ਦੂਰਾਂ ਨੂੰ ਬਹੁਤ ਘੱਟ ਮਿਹਨਤਾਨਾ ਮਿਲਦਾ ਹੈ।