ਕਿਸਾਨ ਜਥੇਬੰਦੀਆਂ ਕਾਦੀਆਂ ਤੇ ਉਗਰਾਹਾਂ ਨੇ ਕੀਤੀ ਕਾਰਵਾਈ
ਰੋਹਿਤ ਗੋਇਲ
ਪੱਖੋ ਕੈਂਚੀਆਂ, 30 ਸਤੰਬਰ
ਨੇੜਲੇ ਪਿੰਡ ਪੱਖੋਕੇ ਵਿੱਚ ਵਾਟਰ ਵਰਕਸ ਤੇ ਪਾਵਰਕੌਮ ਵੱਲੋਂ ਲਗਾਇਆ ਚਿੱਪ ਵਾਲਾ ਮੀਟਰ ਕਿਸਾਨ ਜਥੇਬੰਦੀਆਂ ਬੀਕੇਯੂ ਕਾਦੀਆਂ ਤੇ ਬੀਕੇਯੂ ਉਗਰਾਹਾਂ ਦੀਆਂ ਪਿੰਡ ਇਕਾਈਆਂ ਨੇ ਪੁੱਟ ਕੇ ਵਾਟਰ ਵਰਕਸ ਦੇ ਮੁਲਾਜ਼ਮ ਨੂੰ ਸੌਂਪ ਦਿੱਤਾ ਤੇ ਜਦ ਤੱਕ ਦੁਬਾਰਾ ਪੁਰਾਣਾ ਮੀਟਰ ਨਹੀਂ ਲਗਦਾ ਓਨਾ ਸਮਾਂ ਕੁਨੈਕਸ਼ਨ ਸਿੱਧਾ ਜੋੜ ਦਿੱਤਾ ਗਿਆ ਹੈ। ਇਸ ਮੌਕੇ ਜੁਗਰਾਜ ਸਿੰਘ ਕੈਰੇ ਜ਼ਿਲ੍ਹਾ ਮੀਤ ਪ੍ਰਧਾਨ ਬੀਕੇਯੂ ਕਾਦੀਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਪਾਵਰਕੌਮ ਵਿਭਾਗ ਨੂੰ ਕਦੇ ਵੀ ਚਿੱਪ ਵਾਲੇ ਮੀਟਰ ਨਹੀਂ ਲਗਾਉਣ ਦੇਵਾਂਗੇ। ਉਨ੍ਹਾਂ ਕਿਹਾ ਕਿ ਅੱਗੇ ਵਾਟਰ ਵਰਕਸ ਦਾ ਬਿੱਲ ਨਾ ਭਰੇ ਜਾਣ ’ਤੇ ਵੀ ਮੋਟਰ ਕੁਨੈਕਸ਼ਨ ਚਲਦਾ ਰਹਿੰਦਾ ਸੀ ਤੇ ਹੁਣ ਜਦ ਚਿੱਪ ਵਾਲਾ ਮੀਟਰ ਲਗਾ ਦਿੱਤਾ ਹੈ ਤਾਂ ਜਦ ਪੈਸੇ ਖ਼ਤਮ ਹੋ ਜਾਣਗੇ ਪੂਰਾ ਪਿੰਡ ਪਾਣੀ ਵੱਲੋਂ ਪਿਆਸਾ ਮਰੇਗਾ ਪਰ ਕਿਸਾਨ ਜਥੇਬੰਦੀਆਂ ਇਸ ਦਾ ਡਟਵਾਂ ਵਿਰੋਧ ਕਰਨਗੀਆਂ ਤੇ ਕਿਸੇ ਵੀ ਹਾਲਤ ਵਿਚ ਚਿੱਪ ਵਾਲੇ ਮੀਟਰ ਨਹੀਂ ਲੱਗਣ ਦੇਣਗੇ। ਇਸ ਮੌਕੇ ਸੁਖਪਾਲ ਸਿੰਘ ਜੱਸੜ ਪੱਖੋਕੇ ਜ਼ਿਲ੍ਹਾ ਸੰਗਠਨ ਸਕੱਤਰ, ਸੁਖਮੰਦਰ ਸਿੰਘ ਕੈਰੇ, ਮੋਹਣ ਸਿੰਘ ਧਾਲੀਵਾਲ ਇਕਾਈ ਪ੍ਰਧਾਨ, ਆਤਮਾ ਸਿੰਘ ਖਜ਼ਾਨਚੀ, ਗੁਰਪ੍ਰੀਤ ਸਿੰਘ ਬਲਾਕ ਮੀਤ ਪ੍ਰਧਾਨ ਅਤੇ ਬੀਕੇਯੂ ਉਗਰਾਹਾਂ ਦੇ ਅਮਰਜੀਤ ਸਿੰਘ ਸਿੱਧੂ, ਗੁਰਵੀਰ ਸਿੰਘ ਸਿੱਧੂ, ਭੋਲਾ ਸਿੰਘ ਇਕਾਈ ਪ੍ਰਧਾਨ, ਨਿਰਮਲ ਸਿੰਘ ਖਜ਼ਾਨਚੀ ਹਾਜ਼ਰ ਸਨ।