ਪੱਤਰ ਪ੍ਰੇਰਕ
ਭਦੌੜ, 10 ਅਕਤੂਬਰ
ਕਿਸਾਨ ਜਥੇਬੰਦੀਆਂ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰਾਂ ’ਤੇ ਦਿੱਤੇ ਜਾ ਰਹੇ ਧਰਨਿਆਂ ਦਾ ਅਸਰ ਉੱਥੇ ਕੰਮ ਕਰਨ ਵਾਲੇ ਮੁਲਾਜ਼ਮਾਂ ’ਤੇ ਪੈਣਾ ਸ਼ੁਰੂ ਹੋ ਗਿਆ ਹੈ। ਇੱਥੇ ਰਿਲਾਇੰਸ ਪੰਪ ’ਤੇ ਕੰਮ ਕਰਦੇ 15 ਵਿਚੋਂ ਅੱਠ ਮੁਲਾਜ਼ਮਾਂ ਦੀ ਛਾਂਟੀ ਕਰ ਦਿੱਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਭਦੌੜ ਦੇ ਰਿਲਾਇੰਸ ਪੰਪ ’ਤੇ ਪਹਿਲੀ ਅਕਤੂਬਰ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਧਰਨੇ ਕਾਰਨ ਤੇਲ ਦੀ ਵਿਕਰੀ ਬੰਦ ਹੈ, ਜਿਸ ਕਰਕੇ ਪੰਪ ਮਾਲਕ ਨੇ ਪੈ ਰਹੇ ਘਾਟੇ ਦੀ ਪੂਰਤੀ ਲਈ 8 ਮੁਲਾਜ਼ਮਾਂ ਦੀ ਛੁੱਟੀ ਕਰ ਦਿੱਤੀ ਹੈ। ਰਿਲਾਇੰਸ ਪੰਪ ਦੇ ਮਾਲਕ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਰੋਜ਼ਾਨਾ ਡੀਜ਼ਲ ਅਤੇ ਪੈਟਰੋਲ ਦੀ ਚਾਰ ਲੱਖ ਰੁਪਏ ਵਿਕਰੀ ਹੁੰਦੀ ਸੀ ਪਰ ਹੁਣ ਪੰਪ ’ਤੇ ਧਰਨਾ ਲੱਗਣ ਕਰਕੇ ਸਾਰੀ ਵਿਕਰੀ ਬੰਦ ਹੈ। ਇਸ ਲਈ ਉਨ੍ਹਾਂ ਅੱਧੇ ਮੁਲਾਜ਼ਮਾਂ ਦੀ ਛਾਂਟੀ ਕਰ ਦਿੱਤੀ ਹੈ।