ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 13 ਅਕਤੂਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਰਨਾਲਾ-ਮਾਲੇਰਕੋਟਲਾ ਜ਼ੋਨ ਦੇ ਖੇਤਰੀ ਯੁਵਕ ਮੇਲੇ ’ਚ ਐੱਸਡੀ ਕਾਲਜ ਵਿਦਿਅਕ ਸੰਸਥਾਵਾਂ ਦੁਆਰਾ ਸੰਚਾਲਿਤ ਐੱਸਡੀ ਡਿਗਰੀ ਕਾਲਜ ਅਤੇ ਐੱਸਡੀ ਕਾਲਜ ਆਫ਼ ਐਜੂਕੇਸ਼ਨ ਦੀ ਝੰਡੀ ਰਹੀ ਹੈ। ਸੰਸਥਾ ਦੇ ਪੀਆਰਓ ਪ੍ਰੋ. ਸ਼ੋਇਬ ਜ਼ਫ਼ਰ ਨੇ ਦੱਸਿਆ ਕਿ ਐੱਸਡੀ ਕਾਲਜ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਕੁੱਲ 149 ਅੰਕਾਂ ਨਾਲ ਓਵਰਆਲ ਟਰਾਫ਼ੀ ਜਿੱਤਣ ’ਚ ਕਾਮਯਾਬ ਰਿਹਾ। ਇਸ ਤੋਂ ਇਲਾਵਾ ਕਾਲਜ ਨੇ ਓਵਰਆਲ ਸੰਗੀਤ, ਓਵਰਆਲ ਫਾਈਨ ਆਰਟਸ, ਓਵਰਆਲ ਲਿਟਰੇਰੀ (ਸਾਂਝੀ) ਅਤੇ ਓਵਰਆਲ ਲੋਕ ਕਲਾਵਾਂ ਟਰਾਫ਼ੀਆਂ ’ਤੇ ਵੀ ਕਬਜ਼ਾ ਕਰਕੇ ਵੱਡੀ ਗਿਣਤੀ ਮੁਕਾਬਲਿਆਂ ’ਚ ਚੋਟੀ ਦੇ ਸਥਾਨ ਹਾਸਲ ਕੀਤੇ। ਦੋਵੇਂ ਕਾਲਜਾਂ ਦੀਆਂ ਟੀਮਾਂ ਦੇ ਕੋਆਰਡੀਨੇਟਰ ਪ੍ਰੋ. ਨਿਰਮਲ ਗੁਪਤਾ ਅਤੇ ਪ੍ਰੋ. ਸੀਮਾ ਸ਼ਰਮਾ ਨੇ ਕਿਹਾ ਕਿ ਹੁਣ ਉਨ੍ਹਾਂ ਦੇ ਵਿਦਿਆਰਥੀਆਂ ਦਾ ਅਗਲਾ ਨਿਸ਼ਾਨਾ ਅੰਤਰ-ਜ਼ੋਨਲ ਮੁਕਾਬਲੇ ਹਨ, ਜਿੱਥੋਂ ਉਹ ਜ਼ਰੂਰ ਕਾਮਯਾਬੀ ਹਾਸਲ ਕਰਨਗੇ। ਇਸ ਮੌਕੇ ਐੱਸਡੀ ਕਾਲਜ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਨਰੇਸ਼ ਸਿੰਗਲਾ, ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਹਰਦਿਆਲ ਸਿੰਘ ਅੱਤਰੀ ਆਦਿ ਨੇ ਟੀਮ ਇੰਚਾਰਜਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।