ਪੱਤਰ ਪ੍ਰੇਰਕ
ਲੰਬੀ, 29 ਮਾਰਚ
ਭਾਕਿਯੂ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵੀ ਰਵਾਇਤੀ ਸਿਆਸੀ ਲੱਠਮਾਰ ਰਾਹਾਂ ’ਤੇ ਤੁਰ ਪਈ ਹੈ। ਉਨ੍ਹਾਂ ਕਿਹਾ ਕਿ ਲੰਬੀ ਵਿੱਚ ਮੁਆਵਜ਼ਾ ਮੰਗ ਰਹੇ ਮਰਦ-ਔਰਤ ਕਿਸਾਨਾਂ ’ਤੇ ਲਾਠੀਚਾਰਜ ਨਾਲ ਨਵੀਂ ਸਰਕਾਰ ਦਾ ਅਸਲ ਚਿਹਰਾ ਨੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਲਾਠੀਚਾਰਜ ਦੇ ਵਿਰੋਧ ਵਿੱਚ ਸੂਬੇ ਵਿੱਚ ਦਸ ਜ਼ਿਲ੍ਹਿਆਂ ਵਿੱਚ ਯੂਨੀਅਨ ਕਾਡਰ ਨੂੰ ਮੁੱਢਲੇ ਪੜਾਅ ‘ਤੇ ਮੰਗ ਪੱਤਰਾਂ ਦੀ ਮੁਹਿੰਮ ਵਿੱਢਣ ਨੂੰ ਆਖਿਆ ਗਿਆ ਹੈ। ਜਦੋਂਕਿ ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਜ਼ਿਲ੍ਹਿਆਂ ਨੂੰ ਲੰਬੀ ਵਿੱਚ ਮੋਰਚਾ ਸੰਭਾਲਣ ਭੇਜ ਦਿੱਤਾ ਗਿਆ ਹੈ।
ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂਆਂ ਨੇ ਬੀਤੇ ਸੋਮਵਾਰ ਲੰਬੀ ’ਚ ਕਿਸਾਨਾਂ ਅਤੇ ਮਜ਼ਦੂਰਾਂ ਉੱਪਰ ਹੋਏ ਕਥਿਤ ਪੁਲੀਸ ਲਾਠੀਚਾਰਜ ਦੀ ਨਿਖੇਧੀ ਕੀਤੀ ਹੈ। ਯੂਨੀਅਨ ਦੇ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਬੰਧ ’ਚ ਦਰਜ ਪੁਲੀਸ ਕੇਸ ਰੱਦ ਕਰਨ ਸਮੇਤ ਮਾਲ ਮਹਿਕਮੇ ਦੇ ਅਧਿਕਾਰੀਆਂ ’ਤੇ ਲਾਠੀਚਾਰਜ ਕਰਨ ਵਾਲੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇ। ਜ਼ਖ਼ਮੀ ਹੋਏ ਧਰਨਾਕਾਰੀਆਂ ਦਾ ਵਧੀਆ ਅਤੇ ਮੁਫ਼ਤ ਇਲਾਜ ਕੀਤਾ ਜਾਵੇ ਅਤੇ ਘਟਨਾ ਦੇ ਸ਼ਿਕਾਰ ਪ੍ਰਦਰਸ਼ਨਕਾਰੀਆਂ ਨੂੰ ਮੁਆਵਜ਼ਾ ਦਿੱਤਾ ਜਾਵੇ।