ਬਾਘਾ ਪੁਰਾਣਾ (ਯਸ਼ ਚਟਾਨੀ): ਇਥੇ ਬੀਤੀ ਸ਼ਾਮ ਤੋਂ ਪੈ ਰਹੀ ਬਾਰਿਸ਼ ਨੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਮੀਂਹ ਕਾਰਨ ਪੱਕੀ ਛੱਤ ਤੋਂ ਵਿਰਵੇ ਲੋਕਾਂ ਦੀਆਂ ਕੱਚੀਆਂ ਛੱਤਾਂ ਤਿੱਪ-ਤਿੱਪ ਕਰ ਕੇ ਚੋ ਗਈਆਂ, ਜਦਕਿ ਝੁੱਗੀਆਂ ਦੀ ਹਾਲਤ ਇਸ ਤੋਂ ਵੀ ਬਦਤਰ ਹੋਈ ਦੇਖੀ ਗਈ। ਲਗਾਤਾਰ ਪਈ ਬਾਰਿਸ਼ ਦੇ ਪਾਣੀ ਨਾਲ ਸ਼ਹਿਰ ਦੀਆਂ ਗਲੀਆਂ, ਬਾਜ਼ਾਰਾਂ ਅਤੇ ਮੁਹੱਲਿਆਂ ’ਚ ਪਾਣੀ ਭਰ ਗਿਆ, ਜਦਕਿ ਮੋਗਾ ਸੜਕ ਉਪਰ ਪੈਂਦੇ ਸ਼ਿਵ ਮੰਦਰ ਤੋਂ ਲੈ ਕੇ ਭਗਤ ਸਿੰਘ ਚੌਕ ਤੱਕ ਦੇ ਇਕ ਕਿਲੋਮੀਟਰ ਵਾਲੇ ਹਿੱਸੇ ਨੂੰ ਹਮੇਸ਼ਾ ਵਾਂਗ ਮੀਂਹ ਦੇ ਪਾਣੀ ਨੇ ਚੁਫੇਰਿਓਂ ਘੇਰਾ ਘੱਤ ਲਿਆ। ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।