ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ
ਮਾਘੀ ਮੇਲੇ ਦਾ ਅਣਿਖਿੜਵਾਂ ਅੰਗ ਬਣ ਚੁੱਕੇ ਤਰਕਸ਼ੀਲ ਮੇਲਾ ਇਸ ਵਾਰ ਉਨੀਂਵੇ ਵਰ੍ਹੇ ’ਚ ਦਾਖਲ ਹੋ ਚੁੱਕਿਆ ਹੈ। ਅੱਜ ਦਿਨ ਭਰ ਚੱਲੇ ਮੇਲੇ ਦੌਰਾਨ ਪ੍ਰਸਿੱਧ ਨਾਟਕਕਾਰ ਡਾ. ਸਾਹਿਬ ਸਿੰਘ ਦੇ ਇੱਕ ਪਾਤਰੀ ਨਾਟਕ ‘ਰੰਗ ਕਰਮੀ ਦਾ ਬੱਚਾ’ ਮੇਲੇ ਦਾ ਹਾਸਲ ਰਿਹਾ। ਇਹ ਨਾਟਕ ਮਾਵਾਂ ਨੂੰ ਸਮਰਪਿਤ ਸੀ ਜਿਨ੍ਹਾਂ ਕਰੋਨਾ ਸੰਕਟ ਵਿੱਚ ਵੀ ਅਨੇਕਾਂ ਦੁਸ਼ਵਾਰੀਆਂ ਝੱਲਦਿਆਂ ਮਾਂ ਹੋਣ ਦਾ ਫਰਜ਼ ਨਿਭਾਇਆ। ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂਆਂ ਰਾਮ ਸਵਰਨ ਲੱਖੇਵਾਲੀ ਤੇ ਕੁਲਜੀਤ ਡੰਗਰਖੇੜਾ ਨੇ ਆਖਿਆ ਕਿ ਤਰਕਸ਼ੀਲ ਚੇਤਨਾ ਸਮੇਂ ਦੀ ਲੋੜ ਹੈ, ਜਿਸ ਨਾਲ ਸਮਾਜ ਨੂੰ ਸੁਖਾਵੇਂ ਰੁਖ ਤੋਰਿਆ ਜਾ ਸਕਦਾ ਹੈ। ਉਨ੍ਹਾਂ ਮੇਲੀਆਂ ਨੂੰ ਪੁਸਤਕਾਂ ਦਾ ਸਾਥ ਮਾਣ ਕੇ ਜ਼ਿੰਦਗੀ ਦੀਆਂ ਰਾਹਾਂ ਰੁਸ਼ਨਾਉਣ ਦਾ ਸੱਦਾ ਦਿੱਤਾ। ਸੁਖਦੇਵ ਮਲੂਕਪੁਰਾ ਨੇ ਜਾਦੂ ਕਲਾ ਦੇ ਭੇਦ ਸਮਝਾਏ। ਗੁਰਤੇਜ ਜੋਧਪੁਰ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤੀਆਂ ਕੋਰੀਓਗ੍ਰਾਫੀਆਂ ਨੇ ਅਮੀਰ ਵਿਰਸੇ ਨੂੰ ਸਾਂਭਣ ਸੰਦੇਸ਼ ਦਿੱਤਾ। ‘ਲੋਕ ਚੇਤਨਾ ਮੰਚ ਜੋਧਪੁਰ’ ਦੇ ਕਲਾਕਾਰਾਂ ਵੱਲੋਂ ਕਵੀਸ਼ਰੀ ਪੇਸ਼ ਕੀਤੀ। ਮੇਲੇ ਦੀ ਸਫਲਤਾ ਲਈ ਬੂਟਾ ਸਿੰਘ ਵਾਕਿਫ, ਡਾ. ਮਨਜਿੰਦਰ ਪੱਪੀ, ਮਹਿੰਦਰ ਸਿੰਘ ਖੁੱਡੀਆਂ, ਪਰਮਿੰਦਰ ਖੋਖਰ, ਜਗਦੀਸ਼ ਕਿੱਕਰ ਖੇੜਾ, ਡਾ. ਰਾਜੇਸ਼, ਸੁਖਦੀਪ ਮਲੂਕਪੁਰ, ਜਸਵੰਤ ਸਿੰਘ ਅਤੇ ਬਲਦੇਵ ਲੱਧੂਵਾਲਾ ਦਾ ਭਰਵਾਂ ਸਹਿਯੋਗ ਰਿਹਾ।