ਭਾਰਤ ਭੂਸ਼ਨ
ਕੋਟਕਪੂਰਾ, 16 ਜੁਲਾਈ
ਸਾਉਣ ਮਹੀਨੇ ਦੀ ਦੋ ਦਿਨ ਤੋਂ ਲਗਾਤਾਰ ਹੋ ਰਹੀ ਬਰਸਾਤ ਨੇ ਸ਼ਹਿਰ ਦੇ ਮੁਹਾਂਦਰੇ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਸ੍ਰੀ ਅੰਮ੍ਰਿਤਸਰ-ਸਮਖਿਆਲੀ (ਗੁਜਰਾਤ) ਤੱਕ ਜਾਂਦੇ ਸ਼ਹਿਰ ’ਚੋਂ ਲੰਘਦਾ ਨੈਸ਼ਨਲ ਹਾਈਵੇਅ ਨੰਬਰ 15 ਪਾਣੀ ਵਿੱਚ ਡੁੱਬ ਗਿਆ ਹੈ। ਇਸੇ ਤਰ੍ਹਾਂ ਹੀ ਮੁਹੱਲਾ ਸੁਰਗਾਪੁਰੀ ਦੀ ਰੂਪ ਟੇਲਰ ਵਾਲੀ ਗਲੀ, ਰਾਧਾ ਕਿ੍ਰਸ਼ਨ ਮੰਦਰ ਦੇ ਨਾਲ ਗੁੱਗਾ ਮੈੜੀ ਵਾਲੀ ਗਲੀ, ਨਵੇਂ ਬੱਸ ਸਟੈਂਡ ਦੇ ਸਾਹਮਣੇ ਵਾਲੀ ਗਲੀਆਂ, ਪੁਰਾਣਾ ਸ਼ਹਿਰ ਵਿਚ ਪਾਣੀ ਖੜਣ ਕਰਕੇ ਕੁੱਝ ਘਰਾਂ ਵਿਚ ਦਾਖਲ ਹੋ ਗਿਆ ਹੈ। ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਨੂੰ ਬਰਸਾਤ ਦੇ ਮੌਸਮ ਤੋਂ ਪਹਿਲਾਂ ਨਾਲੇ/ਨਾਲੀਆਂ ਦੀ ਸਫਾਈ ਕਰਵਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਸਨ। ਪਿਛਲੇ ਦਿਨੀਂ ਸ਼ਹਿਰ ਵਾਸੀਆਂ ਦੀ ਪੰਜਾਬ ਵਿਧਾਨ ਸਭਾ ਸਪੀਕਰ ਤੇ ਹਲਕਾ ਵਿਧਾਇਕ ਕੁਲਤਾਰ ਸੰਧਵਾ ਨਾਲ ਹੋਈ ਮੀਟਿੰਗ ਵਿਚ ਇਹ ਭੇਤ ਉਜਾਗਰ ਹੋਇਆ ਕਿ ਇਸ ਵਾਰ ਨਗਰ ਕੌਂਸਲ ਕੋਟਕਪੂਰਾ ਨੇ ਇਸ ਕੰਮ ਪ੍ਰਤੀ ਕੋਈ ਦਿਲਚਸਪੀ ਨਹੀਂ ਵਿਖਾਈ। ਕਰੀਬ 20 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਵਿਚ ਦੇਵੀਵਾਲਾ ਰੋਡ ਅਤੇ ਮੁਕਤਸਰ ਰੋਡ ’ਤੇ ਦੋ ਵਾਟਰ ਟ੍ਰੀਟਮੈਂਟ ਪਲਾਂਟ ਬਣਾਏ ਗਏ ਹਨ। ਲੰਮੇਂ ਅਰਸੇ ਦੀ ਉਡੀਕ ਮਗਰੋਂ ਇਹ ਚਾਲੂ ਤਾਂ ਹੋ ਗਏ ਪ੍ਰੰਤੂ ਸ਼ਹਿਰ ਵਿਚ ਪਾਣੀ ਦੀ ਨਿਕਾਸੀ ਲਹਿੰਦੇ ਦੀ ਬਜਾਏ ਚੜ੍ਹਦੇ ਵਾਲੇ ਪਾਸੇ ਹੈ ਜਿਸ ਕਰਕੇ ਐਸਟੀਪੀ ਦੀਆਂ ਮੋਟਰਾਂ ਨੂੰ ਚਾਲੂ ਕੀਤਾ ਜਾਂਦਾ ਹੈ ਤਾਂ ਡਰੇਨ ਟੁੱਟ ਜਾਂਦੀ ਹੈ ਕਿਉਂਕਿ ਡਰੇਨ ਕਮਜ਼ੋਰ ਹੈ ਜੋ ਪਾਣੀ ਦਾ ਤੇਜ ਵਹਾ ਨੂੰ ਸਹਿ ਨਹੀਂ ਪਾਉਂਦੀ। ਸਮਾਜ ਸੇਵੀ ਰਾਜ ਕੁਮਾਰ ਅਗਰਵਾਲ ਨੇ ਸਰਕਾਰ ਨੂੰ ਪੱਤਰ ਲਿਖ ਕੇ ਸਮੱਸਿਆ ਦਾ ਹੱਲ ਕਰਵਾਉਣ ਦੀ ਅਪੀਲ ਕੀਤੀ ਹੈ। ਨਗਰ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਨੇ ਕਿਹਾ ਕਿ ਉਹ ਇਸ ਬਾਰੇ ਵਾਟਰ ਸਪਲਾਈਜ਼ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸਮੱਸਿਆ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।