ਪੱਤਰ ਪ੍ਰੇਰਕ
ਭਗਤਾ ਭਾਈ, 6 ਫਰਵਰੀ
‘ਕਾਂਗਰਸ ਧਰਮ ਨਿਰਪੱਖ ਪਾਰਟੀ ਹੈ ਤੇ ਇਹ ਹਰ ਧਰਮ ਤੇ ਵਰਗ ਦਾ ਸਤਿਕਾਰ ਕਰਦੀ ਹੈ, ਪਰ ਦੂਜੇ ਪਾਸੇ ਵਿਰੋਧੀ ਪਾਰਟੀਆਂ ਲੋਕਾਂ ਨੂੰ ਧਰਮ ਤੇ ਜਾਤ ਦੇ ਨਾਂ ’ਤੇ ਲੜਾਉਂਦੀਆਂ ਹਨ ਜਿਸ ਨੂੰ ਪੰਜਾਬ ਦੇ ਸੂਝਵਾਨ ਵੋਟਰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਨੇ ਇੱਥੇ ਚੋਣ ਪ੍ਰਚਾਰ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੀਆਂ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਦਿਆਂ ਪਿੰਡਾਂ ਤੇ ਸ਼ਹਿਰਾਂ ਵਿੱਚ ਬਿਨਾਂ ਕਿਸੇ ਪੱਖਪਾਤ ਦੇ ਵਿਕਾਸ ਕਰਵਾਏ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਰਹਿ ਗਈਆਂ ਕਮੀਆਂ ਅਤੇ ਵਿਕਾਸ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਹੁਣ ਪੂਰਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਵਰਗਾਂ ਦੇ ਹਿੱਤ ਸਿਰਫ਼ ਤੇ ਸਿਰਫ਼ ਕਾਂਗਰਸ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹਨ। ਇਸ ਮੌਕੇ ਚੇਅਰਮੈਨ ਰਾਜਵੰਤ ਸਿੰਘ ਭਗਤਾ, ਪ੍ਰਧਾਨ ਬੂਟਾ ਸਿੱਧੂ, ਨਿਰਭੈ ਸਿੰਘ ਭਗਤਾ, ਰਾਕੇਸ਼ ਭਾਈਰੂਪਾ ਅਤੇ ਜਸਮੀਤ ਬਰਾੜ ਤੋਂ ਇਲਾਵਾ ਵੱਡੀ ਗਿਣਤੀ ’ਚ ਸਮਰਥਕ ਹਾਜ਼ਰ ਸਨ।
ਕਾਂਗਰਸੀ ਉਮੀਦਵਾਰ ਕਰਨ ਬਰਾੜ ਨੇ ਭਖਾਈ ਚੋਣ ਮੁਹਿੰਮ
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਬਹੁਤ ਦੇਰੀ ਨਾਲ ਟਿਕਟ ਅਲਾਟ ਹੋਣ ਤੋਂ ਬਾਅਦ ਨਾਮਜ਼ਦਗੀ ਦੇ ਕੰਮਾਂ ਤੋਂ ਫਾਰਗ ਹੋਣ ਉਪਰੰਤ ਕਾਂਗਰਸੀ ਉਮੀਦਵਾਰ ਕਰਨ ਕੌਰ ਬਰਾੜ ਨੇ ਆਪਣੀ ਚੋਣ ਮੁਹਿੰਮ ਨੂੰ ਭਖਾ ਲਿਆ ਹੈ। ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਉਹ ਖੁਦ, ਉਨ੍ਹਾਂ ਦੇ ਪੁੱਤਰ ਤੇਗਬੀਰ ਸਿੰਘ ਬਰਾੜ, ਕਰਨਬੀਰ ਸਿੰਘ, ਰਾਜਬੀਰ ਕੌਰ ਬਰਾੜ ਤੇ ਕਾਂਗਰਸੀ ਆਗੂ ਭਰਵਾਂ ਯੋਗਦਾਨ ਪਾ ਰਹੇ ਹਨ। ਵਾਰਡ 16 ਦੇ ਕੌਂਸਲਰ ਗੁਰਬਿੰਦਰ ਕੌਰ ਪਤੰਗਾ ਅਤੇ ਜੱਗਾ ਸਿੰਘ ਕੰਗ, ਸੁਖਦੇਵ ਸਿੰਘ ਪਤੰਗਾ, ਜਸਵਿੰਦਰ ਕੌਰ, ਦੀਪਾ ਸਿੰਘ, ਗੁਰਮੇਲ ਸਿੰਘ ਯਾਦਵੀ ਡੇਰ ਸਿੰਘ ਤੇ ਕਮਲੇਸ਼ ਕੌਰ ਹੋਰਾਂ ਦੀ ਹਾਜ਼ਰੀ ਵਿੱਚ ਤੇਗਬੀਰ ਸਿੰਘ ਬਰਾੜ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਲੰਬੀਆਂ ਤੇ ਸਥਾਈ ਨੀਤੀਆਂ ਨਾਲ ਕੰਮ ਕੀਤਾ ਜਾਂਦਾ ਹੈ। ਇਸ ਲਈ ਕਾਂਗਰਸ ਸਰਕਾਰ ਹੀ ਸਥਾਈ ਸਰਕਾਰ ਦੇ ਸਕਦੀ ਹੈ। ਉਨ੍ਹਾਂ ਕਰਨ ਕੌਰ ਬਰਾੜ ਦੇ ਹੱਕ ਵਿੱਚ ਵੋਟ ਦੀ ਮੰਗ ਕੀਤੀ।