ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 17 ਜਨਵਰੀ
ਪੰਜਾਬ ਰੋਡਵੇਜ਼ ਅਤੇ ਪਨਬਸ ਕਾਮਿਆਂ ਨੇ ਅੱਜ ਡਿੱਪੂ ਦੇ ਗੇਟ ’ਤੇ ਧਰਨਾ ਦਿੰਦਿਆਂ ਨਿੱਤ ਦਿਨ ਹੋ ਰਹੀਆਂ ਰਿਪੋਰਟਾਂ ਨੂੰ ਧੱਕੇਸ਼ਾਹੀ ਕਰਾਰ ਦਿੱਤਾ ਅਤੇ ਐੱਮਡੀ ਪਨਬਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਨੇ ਕਿਹਾ ਕਿ ਮੈਨੇਜਮੈਂਟ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਸਾਥੀ ਨਾਜਾਇਜ਼ ਰਿਪੋਰਟਾਂ ਦੇ ਸ਼ਿਕਾਰ ਹੋਏ ਹਨ ਮੈਨੇਜਮੈਂਟ ਉਨ੍ਹਾਂ ਦੀਆਂ ਰਿਪੋਰਟਾਂ ਦਾ ਹੱਲ ਕਰਨ ਦੀ ਬਜਾਏ ਸਗੋਂ ਲੱਖਾਂ ਰੁਪਏ ਲੈ ਕੇ ਨਵੀਂ ਭਰਤੀ ਕਰ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਜੇਕਰ ਰਿਪੋਰਟਾਂ ਵਾਲੇ ਸਾਥੀਆਂ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਉਹ ਮੈਨੇਜਮੈਂਟ ਵਿਰੁੱਧ ਤਿੱਖਾ ਸੰਘਰਸ਼ ਵਿੱਢਣਗੇ।
ਇਸ ਮੌਕੇ ਸੂਬਾ ਸਰਪ੍ਰਸਤ ਕਮਲ ਕੁਮਾਰ ਨੇ ਪੂਰਨ ਸਮਰਥਨ ਦਾ ਵੀ ਭਰੋਸਾ ਦਿੱਤਾ ਤੇ ਕਿਹਾ ਕਿ ਜੇਕਰ ਰਿਪੋਰਟਾਂ ਵਾਲੇ ਸਾਥੀਆਂ ਦਾ ਮੈਨੇਜਮੈਂਟ ਕੋਈ ਹੱਲ ਨਹੀਂ ਕਰਦੀ ਤਾਂ ਪਨਬਸ ਇਨ੍ਹਾਂ ਸਾਥੀਆਂ ਦਾ ਸਾਥ ਦਿੰਦੇ ਹੋਏ ਡਿਪੂ ਬੰਦ ਜਾਂ ਡਾਇਰੈਕਟਰ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਦਯਾ ਸਿੰਘ, ਗੁਰਤਾਜ ਸਿੰਘ, ਪ੍ਰਮੋਦ ਕੁਮਾਰ, ਇਕਬਾਲ ਸਿੰਘ, ਗੁਰਮੀਤ ਸਿੰਘ, ਰਾਜਾ ਆਦਿ ਸਮੂਹ ਰਿਪੋਰਟਾਂ ਵਾਲੇ ਸਾਥੀ ਹਾਜ਼ਰ ਸਨ।