ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 24 ਜੂਨ
ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮਾਰਗ ’ਤੇ ਪਿੰਡ ਵੜਿੰਗ ਨੇੜੇ ਬਣੇ ਟੌਲ ਪਲਾਜ਼ਾ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਲਗਾਇਆ ਗਿਆ ਧਰਨਾ ਅੱਜ 27ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਕਿਸਾਨਾਂ ਨੇ ਟੌਲ ਪਲਾਜ਼ੇ ਤੋਂ ਬਿਨਾਂ ਪਰਚੀ ਵਾਹਨਾਂ ਨੂੰ ਲੰਘਾਇਆ। ਜਥੇਬੰਦੀ ਦੇ ਆਗੂ ਜਸਵੀਰ ਸਿੰਘ ਸਰਾਏਨਾਗਾ ਨੇ ਦੱਸਿਆ ਕਿ ਇਹ ਧਰਨਾ ਟੌਲ ਪਲਾਜ਼ਾ ਦੇ ਘਟੀਆ ਪ੍ਰਬੰਧਾਂ ਅਤੇ ਸੜਕ ਦੇ ਮਾੜੇ ਰੱਖ-ਰਖਾਵ ਖ਼ਿਲਾਫ਼ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਟੌਲ ਪਲਾਜ਼ਾ ਕੰਪਨੀ ਨੇ ਸੜਕ ਬਣਾਉਣ ਵੇਲੇ ਸਰਕਾਰੀ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ, ਜਿਸ ਕਾਰਨ ਸੜਕ ਦੀ ਹਾਲਤ ਬੇਹੱਦ ਮਾੜੀ ਹੈ। ਕੰਪਨੀ ਨੇ ਰਾਜਸਥਾਨ ਕੈਨਾਲ ਅਤੇ ਸਰਹੰਦ ਫੀਡਰ ਉਪਰ ਪੁੱਲ ਨਹੀਂ ਬਣਾਏ। ਇਸ ਤੋਂ ਇਲਾਵਾ ਪਿੰਡਾਂ ਵਿੱਚ ਬੱਸ ਅੱਡਿਆਂ ਅਤੇ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਧੂਰੇ ਪ੍ਰਬੰਧਾਂ ਦੇ ਬਾਵਜੂਦ ਪਲਾਜ਼ਾ ਪ੍ਰਬੰਧਕ ਧੱਕੇ ਨਾਲ ਪਰਚੀ ਕੱਟਦੇ ਹਨ, ਜਿਸ ਕਰਕੇ ਉਨ੍ਹਾਂ ਧਰਨਾ ਸ਼ੁਰੂ ਕੀਤਾ ਹੈ ਅਤੇ ਜਦੋਂ ਤੱਕ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਉਹ ਧਰਨਾ ਜਾਰੀ ਰੱਖਣਗੇ।
ਇਸ ਦੌਰਾਨ ਟੌਲ ਪਲਾਜ਼ਾ ਵੜਿੰਗ ਦੇ ਮੈਨੇਜਰ ਪੰਕਜ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਸਾਰਾ ਮਾਮਲਾ ਪ੍ਰਸ਼ਾਸਨ ਅਤੇ ਪੀਡਬਲਿਯੂਡੀ ਵਿਭਾਗ ਦੇ ਧਿਆਨ ਵਿੱਚ ਲਿਆ ਦਿੱਤਾ ਹੈ।