ਸ਼ਗਨ ਕਟਾਰੀਆ/ ਧਰਮਪਾਲ ਸਿੰਘ ਤੂਰ
ਬਠਿੰਡਾ/ਸੰਗਤ ਮੰਡੀ, 13 ਮਈ
ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦਾਅਵਾ ਕੀਤਾ ਹੈ ਕਿ ਹਰਸਿਮਰਤ ਬਾਦਲ ਇਸ ਵਾਰ ਸੰਸਦ ਦੀਆਂ ਪੌੜੀਆਂ ਨਹੀਂ ਚੜ੍ਹ ਸਕਣਗੇ। ਉਨ੍ਹਾਂ ਕਿਹਾ ਕਿ ਤਿੰਨ ਵਾਰ ਬਠਿੰਡਾ ਤੋਂ ਜਿੱਤ ਕੇ ਕੇਂਦਰ ’ਚ ਮੰਤਰੀ ਰਹੀ ਇਹ ਬੀਬੀ ਬਠਿੰਡਾ ਦੇ ਏਮਸ ਨੂੰ ਅਕਸਰ ਹੀ ਆਪਣੀ ਵੱਡੀ ਪ੍ਰਾਪਤੀ ਬਿਆਨਦੇ ਹਨ, ਪਰ ਹਕੀਕਤ ਇਹ ਹੈ ਕਿ ਅਜਿਹੇ ਸਿਹਤ ਅਦਾਰੇ ਦੇਸ਼ ਦੇ ਹੋਰ ਰਾਜਾਂ ’ਚ ਵੀ ਬਣੇ ਕਿਉਂਕਿ ਇਹ ਕੇਂਦਰ ਸਰਕਾਰ ਦੀ ਨੀਤੀ ਦਾ ਇੱਕ ਹਿੱਸਾ ਸਨ।
ਪਿੰਡਾਂ ’ਚ ਲੋਕ ਮਿਲਣੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਖੁੱਡੀਆਂ ਨੇ ਅੱਗੇ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਜਦੋਂ ਅਕਾਲੀ ਦਲ ਦਾ ਪੰਜਾਬ ’ਚ ਦਸ ਸਾਲ ਰਾਜ ਰਿਹਾ, ਉਦੋਂ ਹੀ ਕੇਂਦਰ ’ਚ ਵੀ ਇਸ ਦੀ ਭਾਜਪਾ ਨਾਲ ਭਾਈਵਾਲੀ ਸੀ। ਉਨ੍ਹਾਂ ਕਿਹਾ ਕਿ ਹੈਰਾਨਗੀ ਹੈ ਕਿ ਆਨੰਦਪੁਰ ਦੇ ਮਤੇ ’ਤੇ ਮੋਰਚੇ ਲਾਉਣ ਵਾਲਾ ਅਕਾਲੀ ਦਲ ਉਦੋਂ ਦਸ ਸਾਲ ਚੁੱਪ ਕਰਕੇ ਕਿਉਂ ਬੈਠਾ ਰਿਹਾ? ਉਨ੍ਹਾਂ ਕਿਹਾ ਕਿ ਆਨੰਦਪੁਰ ਦੇ ਮਤੇ ’ਚ ਚੰਡੀਗੜ੍ਹ ਪੰਜਾਬ ਨੂੰ ਦੇਣ, ਰਿਪੇਅਰੀਅਨ ਕਾਨੂੰਨ ਮੁਤਾਬਕ ਦਰਿਆਈ ਪਾਣੀਆਂ ’ਤੇ ਪੰਜਾਬ ਦਾ ਹੱਕ ਹੋਣ ਸਮੇਤ ਫ਼ੈਡਰਲ ਸਿਸਟਮ ਦੀ ਅਕਾਲੀ ਦਲ ਵਕਾਲਤ ਉਦੋਂ ਹੀ ਕਰਦਾ ਹੈ, ਜਦੋਂ ਉਹ ਸੱਤਾ ਤੋਂ ਬਾਹਰ ਹੁੰਦਾ ਹੈ, ਪਰ ਸੱਤਾ ’ਚ ਆਉਂਦਿਆਂ ਹੀ ਅਕਾਲੀਆਂ ਦੇ ਇਨ੍ਹਾਂ ਮਸਲਿਆਂ ’ਤੇ ਮੂੰਹ ਵਿੱਚ ਘੁੰਗਣੀਆਂ ਕਿਉਂ ਪੈ ਜਾਂਦੀਆਂ ਹਨ?
ਉਨ੍ਹਾਂ ਕਿਹਾ ਕਿ ਸੱਤਾ ਤੋਂ ਬਾਹਰ ਹੁੰਦਿਆਂ ਮਰਜੀਵੜੇ ਭਰਤੀ ਕਰ ਕੇ ਮੋਰਚੇ ਲਾਉਣੇ ਅਕਾਲੀ ਦਲ ਦੀ ਚਾਣਕਿਆ ਨੀਤੀ ਰਹੀ ਹੈ ਕਿਉਂਕਿ ਅਜਿਹੇ ਮੋਰਚੇ ਅਣਗਿਣਤ ਪੰਜਾਬੀਆਂ ਦੀ ਬਲੀ ਲੈਂਦੇ ਰਹੇ ਅਤੇ ਅਕਾਲੀ ਦਲ ਭੋਲੇ-ਭਾਲੇ ਅਤੇ ਬੇਕਸੂਰ ਲੋਕਾਂ ਦੀਆਂ ਲਾਸ਼ਾਂ ’ਤੇ ਸਿਆਸੀ ਰੋਟੀਆਂ ਸੇਕਦਾ ਰਿਹਾ। ਸ੍ਰੀ ਖੁੱਡੀਆਂ ਨੇ ਕਿਹਾ ਕਿ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਦੀਆਂ ਨੀਤੀਆਂ ’ਚ ਸਿਰਫ ਉੱਨੀ-ਇੱਕੀ ਦਾ ਹੀ ਫ਼ਰਕ ਹੈ ਅਤੇ ਇਨ੍ਹਾਂ ਸਭ ਦਾ ਇੱਕ ਨੁਕਾਤੀ ਪ੍ਰੋਗਰਾਮ ਆਮ ਆਦਮੀ ਪਾਰਟੀ ’ਤੇ ਝੂਠੇ ਦੋਸ਼ ਲਾ ਕੇ ਬਦਨਾਮ ਕਰਨਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਅੰਦਰ ਦੋ-ਸਾਲਾ ਕਾਰਜਕਾਲ ਦੌਰਾਨ ਹੋਏ ਲੋਕ ਭਲਾਈ ਦੇ ਕੰਮਾਂ ਅੱਗੇ ਵਿਰੋਧੀਆਂ ਦੇ ਝੂਠੇ ਇਲਜ਼ਾਮ ਬੇਨਕਾਬ ਹੋ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ‘13-0’ ਦੇ ਫ਼ਰਕ ਨਾਲ ਇਤਿਹਾਸਕ ਜਿੱਤ ਦਰਜ ਕਰਵਾਏਗੀ। ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਕੇਂਦਰ ’ਚ ਬਣਨ ਜਾ ਰਹੀ ‘ਇੰਡੀਆ’ ਗੱਠਜੋੜ ਦੀ ਸਰਕਾਰ ਕੋਲੋਂ ਉਹ ਬਠਿੰਡਾ ਹਲਕੇ ਲਈ ਵਿਸ਼ੇਸ਼ ਸਹੂਲਤਾਂ ਵਾਲੇ ਪੈਕੇਜ ਲੈ ਕੇ ਆਉਣਗੇ।
ਗੋਨਿਆਣਾ ਬਲਾਕ ਵਿੱਚ ਕਿਸਾਨਾਂ ਵੱਲੋਂ ਖੁੱਡੀਆਂ ਨੂੰ ਤਿੱਖੇ ਸਵਾਲ
ਬਠਿੰਡਾ (ਪੱਤਰ ਪ੍ਰੇਰਕ): ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੰਸਦੀ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਗੋਨਿਆਣਾ ਬਲਾਕ ਦੇ ਕਰੀਬ ਦਰਜਨ ਪਿੰਡਾਂ ਵਿੱਚ ਪ੍ਰਚਾਰ ਕੀਤਾ। ਇਸ ਮੌਕੇ ਵਿਧਾਇਕ ਮਾਸਟਰ ਜਗਸੀਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬਿੱਟੂ ਮੌਜੂਦ ਸਨ। ਖੇਤੀਬਾੜੀ ਮੰਤਰੀ ਨੂੰ ਪਿੰਡ ਮਹਿਮਾ ਭਗਵਾਨਾ ਵਿੱਚ ਬੀਕੇਯੂ ਉਗਰਾਹਾਂ ਦੇ ਵਰਕਰ ਸੁਖਜੀਵਨ ਸਿੰਘ ਬਬਲੀ, ਖੇਤ ਮਜ਼ਦੂਰ ਯੂਨੀਅਨ ਦੇ ਕਨਵੀਨਰ ਮਾਸਟਰ ਸੇਵਕ ਸਿੰਘ ਤੇ ਔਰਤ ਆਗੂ ਅਮਰਜੀਤ ਕੌਰ ਵੱਲੋਂ ਖੇਤੀ ਬਿੱਲਾਂ ਨਾਲ ਸਬੰਧਤ ਅਤੇ ਗੜੇਮਾਰੀ ਕਾਰਨ ਹੋਏ ਨੁਕਸਾਨ ਸਬੰਧੀ ਮਾਮਲੇ ਵਿੱਚ ਸਵਾਲ ਕੀਤੇ ਗਏ। ਗੌਰਤਲਬ ਹੈ ਕਿ ਪਿੰਡ ਮਹਿਮਾ ਭਗਵਾਨਾ ਵਿੱਚ ਪਹਿਲਾਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਰਕਰ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਝੰਡੇ ਇਕੱਠੇ ਹੋਏ ਗਏ ਜਿਨ੍ਹਾਂ ਨੂੰ ਡੀਐੱਸਪੀ ਭੁੱਚੋ ਵੱਲੋਂ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਗਿਆ ਸੀ। ਜਦੋਂ ਖੇਤੀਬਾੜੀ ਮੰਤਰੀ ਕਿਸੇ ਹੋਰ ਗਲੀ ਰਾਹੀਂ ਪ੍ਰੋਗਰਾਮ ਪੁੱਜੇ ਤਾਂ ਕਿਸਾਨਾਂ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਪੁੱਜ ਗਿਆ। ਮੌਕੇ ’ਤੇ ਹੀ ਡੀਐੱਸਪੀ ਭੁੱਚੋ ਵੱਲੋਂ ਮੰਤਰੀ ਨਾਲ ਮੀਟਿੰਗ ਕਰਵਾ ਕੇ ਕਿਸਾਨਾਂ ਦੀ ਤਸੱਲੀ ਕਰਵਾਈ ਗਈ। ਇਸ ਤੋਂ ਇਲਾਵਾ ਪਿੰਡ ਮਹਿਮਾ ਸਰਕਾਰੀ ਵਿੱਚ ਵੀ ਭਾਰਤੀ ਕਿਸਾਨੀ ਨੂੰ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਵੱਲੋਂ ਕਿਸਾਨੀ ਮਸਲਿਆਂ ’ਤੇ ਸਵਾਲ ਕੀਤੇ ਗਏ ਅਤੇ ਗੜੇਮਾਰੀ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ। ਸ੍ਰੀ ਖੁੱਡੀਆਂ ਨੇ ਕਿਹਾ ਕਿ ਲੋਕ ਉਨ੍ਹਾਂ ਦਾ ਸਾਥ ਦੇਣ ਤੇ ਉਹ ਪੰਜਾਬ ਲਈ ਪਾਰਲੀਮੈਂਟ ਵਿੱਚਇਮਾਨਦਾਰੀ ਨਾਲ ਲੜਨਗੇ। ਇਸ ਮੌਕੇ ਲੋਕਾਂ ਵੱਲੋਂ ਹਲਕਾ ਵਿਧਾਇਕ ਜਗਸੀਰ ਸਿੰਘ ਖਿਲਾਫ਼ ਵੀ ਭੜਾਸ ਕੱਢੀ ਗਈ। ਉਨ੍ਹਾਂ ਕਿਹਾ ਕਿ ਗੜੇਮਾਰੀ ਖੇਤਰ ਵਿੱਚ ਉਨ੍ਹਾਂ ਨੇ ਗੇੜਾ ਤੱਕ ਨਹੀਂ ਮਾਰਿਆ ਤਾਂ ਗਿਰਦਾਵਰੀ ਕਰਾਉਣੀ ਦਾ ਦੂਰ ਦੀ ਗੱਲ ਹੈ। ਖੇਤੀਬਾੜੀ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਕਿਸਾਨਾਂ ਨੂੰ ਜਲਦੀ ਹੀ ਗੜੇਮਾਰੀ ਦਾ ਮੁਆਵਜ਼ਾ ਦਿਵਾਉਣਗੇ।