ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 15 ਸਤੰਬਰ
ਲਾਗਲੇ ਪਿੰਡ ਖੋਖਰ ਦੀ ਇਕ ਵਿਆਹੁਤਾ ਨੂੰ ਵਰਗਲਾ ਕੇ ਲਿਜਾਣ ਦੇ ਮਾਮਲੇ ’ਤੇ ਲੜਕੀ ਦੇ ਪਿਤਾ ਅਤੇ ਪਿੰਡ ਵਾਸੀਆਂ ਵੱਲੋਂ ਥਾਣਾ ਬਰੀਵਾਲਾ ਵਿੱਚ ਧਰਨਾ ਦਿੱਤਾ ਗਿਆ| ਲੜਕੀ ਦੇ ਪਿਤਾ ਬਿੱਕਰ ਸਿੰਘ ਅਤੇ ਪਿੰਡ ਖੋਖਰ ਵਾਸੀਆਂ ਨੇ ਦੱਸਿਆ ਕਿ ਲੜਕੀ ਆਪਣੇ ਪੇਕੇ ਘਰ ਪਿੰਡ ਖੋਖਰ ਵਿੱਚ ਰਹਿੰਦੀ ਸੀ, ਜਿਸਦੀ ਗੁੰਮਸ਼ੁਦਗੀ ਸਬੰਧੀ ਉਨ੍ਹਾਂ ਨੇ ਸੱਤ ਸਤੰਬਰ ਨੂੰ ਪੁਲੀਸ ਕੋਲ ਸੂਚਨਾ ਦਿੱਤੀ ਸੀ ਪਰ ਪੁਲੀਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਲੜਕੀ ਭਜਾ ਕੇ ਲਿਜਾਣ ਵਾਲੇ ਵਿਅਕਤੀ ਸਬੰਧੀ ਵੀ ਪੁਲੀਸ ਨੂੰ ਜਾਣਕਾਰੀ ਦੇ ਦਿੱਤੀ ਹੈ| ਇਸ ਦੌਰਾਨ ਸਮਾਜ ਸੇਵੀ ਗੁਰਪ੍ਰੀਤ ਸਿੰਘ ਖੋਖਰ ਨੇ ਕਿਹਾ ਕਿ ਜਿੰਨੀ ਦੇਰ ਲੜਕੀ ਲੱਭੀ ਨਹੀਂ ਜਾਂਦੀ ਸੰਘਰਸ਼ ਜਾਰੀ ਰਹੇਗਾ|
ਮਹਿਲ ਕਲਾਂ (ਪੱਤਰ ਪ੍ਰੇਰਕ): ਮਜ਼ਦੂਰ ਪਰਿਵਾਰ ਨਾਲ ਸਬੰਧਤ ਨੇੜਲੇ ਪਿੰਡ ਸਹਿਜੜ੍ਹਾ ਦੇ ਪਿਛਲੇ ਇੱਕ ਹਫਤੇ ਤੋਂ ਲਾਪਤਾ ਨੌਜਵਾਨ ਹਰਪ੍ਰੀਤ ਸਿੰਘ (15) ਪੁੱਤਰ ਗਰੁਮੀਤ ਸਿੰਘ ਦੇ ਮਾਮਲੇ ’ਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਖਫਾ ਪਿੰਡ ਵਾਸੀਆਂ ਨੇ ਅੱਜ ਸ਼ਾਮ ਨੂੰ ਬਰਨਾਲਾ-ਲੁਧਿਆਣਾ ’ਤੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪਹੁੰਚੇ ਡੀਐੱਸਪੀ ਮਹਿਲ ਕਲਾਂ ਗਮਦੂਰ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਪੁਲੀਸ ਨੌਜਵਾਨ ਨੂੰ ਲੱਭਣ ਦੀ ਕੋਸ਼ਿਸ਼ ਵਿੱਚ ਜੁੱਟੀ ਹੋਈ ਹੈ। ਪੁਲੀਸ ਦੇ ਭਰੋਸੇ ਮਗਰੋਂ ਜਥੇਬੰਦੀਆਂ ਨੇ ਦੋ ਦਿਨ ਲਈ ਧਰਨਾ ਮੁਲਤਵੀ ਕੀਤਾ।