ਪੱਤਰ ਪ੍ਰੇਰਕ
ਮਾਨਸਾ, 5 ਸਤੰਬਰ
ਫੈਂਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਵੱਲੋਂ ਮਾਨਸਾ ਵਿੱਚ ਅੱਜ ਰੋਸ ਰੈਲੀ ਕੀਤੀ ਗਈ। ਇਸ ਦੌਰਾਨ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ 9 ਸਤੰਬਰ ਨੂੰ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਬੁਲਾਈ ਗਈ ਮੀਟਿੰਗ ਦੌਰਾਨ ਨਰਮੇ ਦੀ ਆੜ੍ਹਤ ਪਹਿਲਾਂ ਵਾਂਗ ਢਾਈ ਪ੍ਰਤੀਸ਼ਤ ਕਰਨ ਦਾ ਫੈਸਲਾ ਨਾ ਲਿਆ ਗਿਆ ਤਾਂ 10 ਸਤੰਬਰ ਨੂੰ ਪੰਜਾਬ ਭਰ ਦੀਆਂ ਅਨਾਜ ਮੰਡੀਆਂ ਅਣਮਿਥੇ ਸਮੇਂ ਲਈ ਬੰਦ ਕੀਤੀਆਂ ਜਾਣਗੀਆਂ।
ਰੋਸ ਰੈਲੀ ਪੰਜਾਬ ਸਰਕਾਰ ਵੱਲੋਂ ਨਰਮੇ ਦੀ ਆੜ੍ਹਤ ਢਾਈ ਪ੍ਰਤੀਸ਼ਤ ਤੋਂ ਘਟਾ ਕੇ ਇੱਕ ਪ੍ਰਤੀਸ਼ਤ ਕਰਨ ਦੇ ਵਿਰੋਧ ਵਿੱਚ ਕੀਤੀ ਗਈ। ਰੈਲੀ ਵਿੱਚ ਵਿੱਚ ਸੂਬੇ ਦੇ ਆੜ੍ਹਤੀਆਂ ਸਮੇਤ ਕਿਸਾਨ ਅਤੇ ਆੜ੍ਹਤ ਦੀਆਂ ਦੁਕਾਨਾਂ ’ਤੇ ਕੰਮ ਕਰਦੇ ਮੁਲਾਜ਼ਮਾਂ ਨੇ ਹਿੱਸਾ ਲਿਆ। ਫੈਡਰੇਸ਼ਨ ਆਫ ਆੜ੍ਹਤੀਆਂ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਵਿਜੈ ਕਾਲੜਾ ਨੇ ਸਰਕਾਰ ਖਿਲਾਫ ਰੱਜ ਕੇ ਭੜਾਸ ਕੱਢਦਿਆਂ ਕਿਹਾ ਕਿ ਸੱਤਾ ਹਾਸਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਪੈਰ-ਪੈਰ ’ਤੇ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਦਾ 28 ਕਰੋੜ ਰੁਪਏ ਐਫਸੀਆਈ ਨੇ ਈ.ਪੀ.ਐਫ. ਦੇ ਨਾਮ ’ਤੇ ਰੋਕ ਰੱਖਿਆ ਹੈ, ਜਿਸ ਨੂੰ ਪੰਜਾਬ ਸਰਕਾਰ ਦਿਵਾਉਣ ਦਾ ਉਪਰਾਲਾ ਕਰੇ। ਆੜ੍ਹਤੀਆ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਨਰਮੇ ਦੀ ਖਰੀਦ ਸੀਸੀਆਈ ਤੋਂ ਕਰਵਾਈ ਤੇ ਆੜ੍ਹਤੀਆਂ ਨੂੰ ਉਨ੍ਹਾਂ ਦੀ ਆੜ੍ਹਤ ਤੇ ਮਜ਼ਦੂਰਾਂ ਨੂੰ ਉਨ੍ਹਾਂ ਦੀ ਬਣਦੀ ਮਜ਼ਦੂਰੀ ਵੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਨੁਕਸਾਨੇ ਨਰਮੇ ਤੇ ਕਣਕ ਦਾ ਝਾੜ ਘੱਟ ਹੋਣ ’ਤੇ ਬਣਦਾ ਮੁਆਵਜ਼ਾ ਵੀ ਨਹੀ ਦਿੱਤਾ ਹੈ। ਹੋਰਨਾਂ ਤੋਂ ਇਲਾਵਾ ਰਮੇਸ਼ ਟੋਨੀ,ਅਮਰਨਾਥ ਜਿੰਦਲ, ਅਮਰਜੀਤ ਸਿੰਘ ਬਰਾੜ,ਰਾਜੇਸ ਜੈਨ ਮੋੜ,ਅਮਨਦੀਪ ਸਿੰਘ ਛੀਨਾ ਅਮ੍ਰਿਤਸਰ, ਕਰਨੈਲ ਸਿੰਘ ਦਿਓ ਤਰਨਤਾਰਨ, ਮਨਿੰਦਰ ਸਿੰਘ ਜੰਡਿਆਲਾ ਗੁਰੂ, ਗੁਰਨਾਮ ਸਿੰਘ ਛੀਨਾ ਪਠਾਨਕੋਟ, ਕਪਿਲ ਗੁਪਤਾ ਜਲੰਧਰ, ਅਮ੍ਰਿਤ ਲਾਲ ਛਾਬੜਾ ਫਿਰੋਜ਼ਪੁਰ, ਦਵਿੰਦਰ ਸੱਚਦੇਵਾ ਫਾਜਿਲਕਾ, ਰਾਜੀਵ ਰਹੇਜਾ ਅਬੋਹਰ, ਸ਼ਾਮ ਸੁੰਦਰ ਸੈਣੀ ਜਲਾਲਾਬਾਦ, ਬਾਰੀਸ਼ ਛਾਬੜਾ ਆਦਿ ਨੇ ਸੰਬੋਧਨ ਕੀਤਾ।