ਪਵਨ ਗੋਇਲ
ਭੁੱਚੋ ਮੰਡੀ, 21 ਜੁਲਾਈ
ਜੀਐੱਚਟੀਪੀ ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਲਹਿਰਾ ਮੁਹੱਬਤ ਨੇ ਖਾਲੀ ਆਸਾਮੀਆਂ ’ਤੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਦੇ ਮੁੱਖ ਗੇਟ ਟੱਗੇ ਰੋਸ ਰੈਲੀ ਕੀਤੀ ਅਤੇ ਸਰਕਾਰ ਤੇ ਪਾਵਰਕੌਮ ਦੇ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਠੇਕਾ ਮੁਲਾਜ਼ਮਾਂ ਨੇ ਰੈਲੀ ਵਾਲੀ ਥਾਂ ’ਤੇ ਥਰਮਲ ਦੇ ਉੱਪ ਮੁੱਖ ਇੰਜੀਨੀਅਰ ਦਮਨਜੀਤ ਸਿੰਘ ਤੂਰ, ਐਕਸੀਅਨ ਸੁਖਦੇਵ ਸਿੰਘ ਅਤੇ ਵੈੱਲਫੇਅਰ ਭਲਾਈ ਅਫਸਰ ਮੈਡਮ ਅਮਨਦੀਪ ਕੌਰ ਨੂੰ ਮੰਗ ਪੱਤਰ ਦਿੱਤਾ। ਇਸ ਰੈਲੀ ਦੀ ਅਗਵਾਈ ਕਰ ਰਹੇ ਪ੍ਰਧਾਨ ਜਗਰੂਪ ਸਿੰਘ ਅਤੇ ਜਨਰਲ ਸਕੱਤਰ ਜਗਸੀਰ ਸਿੰਘ ਭੰਗੂ ਨੇ ਕਿਹਾ ਕਿ ਪਾਵਰਕੌਮ ਮੈਨੇਜਮੈਂਟ ਵੱਲੋਂ 1690 ਸਹਾਇਕ ਲਾਇਨਮੈਨਾਂ ਦੀ ਨਵੀਂ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ, ਜਦੋਂ ਕਿ ਥਰਮਲ ਪਲਾਂਟਾਂ, ਹਾਈਡਲ ਪ੍ਰਾਜੈਕਟਾਂ ਸਮੇਤ ਸਮੁੱਚੇ ਪਾਵਰਕੌਮ ਵਿੱਚ ਖਾਲੀ ਆਸਾਮੀਆਂ ’ਤੇ ਬਤੌਰ ਅਨਸਕਿਲਡ, ਸਕਿਲਡ, ਜੇਪੀਏ ਐੱਸਐੱਸਏ, ਸਹਾਇਕ ਲਾਇਨਮੈਨ ਅਤੇ ਲਾਇਨਮੈਨ ਸੇਵਾਵਾਂ ਨਿਭਾਅ ਰਹੇ ਹਜ਼ਾਰਾਂ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਕੋਲ ਯੋਗਤਾ ਦੇ ਰੂਪ ਵਿੱਚ ਪੜ੍ਹਾਈ ਦੇ ਨਾਲ-ਨਾਲ ਪਾਵਰਕੌਮ ਵਿੱਚ ਸਾਲਾਂਬੱਧੀ ਕੰਮ ਦਾ ਤਜਰਬਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਨਾ ਬਦਲਿਆ, ਤਾਂ ਉਹ ਤਿੱਖਾ ਸੰਘਰਸ਼ ਕਰਨਗੇ।
ਘੱਟੋ ਘੱਟ ਉਜਰਤਾਂ ਵਿੱਚ ਵਾਧੇ ਲਈ ਰੋਸ ਮੁਜ਼ਾਹਰਾ
ਜੀਐੱਚਟੀਪੀ ਕੰਟਰੈਕਟਰ ਵਰਕਰਜ ਯੂਨੀਅਨ (ਏਟਕ) ਲਹਿਰਾ ਮੁਹੱਬਤ ਵੱਲੋਂ ਪ੍ਰਧਾਨ ਪਰਗਟ ਸਿੰਘ ਦੀ ਅਗਵਾਈ ਹੇਠ ਘੱਟੋ-ਘੱਟ ਉਜਰਤਾਂ ਵਿੱਚ ਵਾਧਾ ਨਾ ਕੀਤੇ ਜਾਣ ਖ਼ਿਲਾਫ਼ ਥਰਮਲ ਦੇ ਮੁੱਖ ਗੇਟ ਅੱਗੇ ਰੋਸ ਵਿਖਾਵਾ ਕੀਤਾ ਗਿਆ। ਇਸ ਮੌਕੇ ਆਗੂ ਪਰਗਟ ਸਿੰਘ, ਸੁਖਦੀਪ ਸਿੰਘ, ਰਣਜੀਤ ਸਿੰਘ, ਮੱਖਣ ਸਿੰਘ ਅਤੇ ਹਰਬੰਸ ਸਿੰਘ ਨੇ ਕਿਹਾ ਕਿ ਘੱਟੋ ਘੱਟ ਉਜਰਤਾਂ ਵਿੱਚ ਵਾਧਾ ਸਤੰਬਰ 2020 ਤੋਂ ਬੰਦ ਪਿਆ ਹੈ। ਇਸ ਸਬੰਧੀ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਵਾਧਾ ਕਰਨ ਦੀ ਮੰਗ ਵੀ ਕੀਤੀ ਗਈ ਸੀ ਪਰ ਸਰਕਾਰ ਨੇ ਠੇਕਾ ਮੁਲਾਜ਼ਮਾਂ ਦੀ ਇਸ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਦੀ ਉਜ਼ਰਤ ਵਿੱਚ ਸਤੰਬਰ 2020 ਤੋਂ ਮਾਰਚ 2022 ਤੱਕ ਵਾਧਾ ਨਾ ਕੀਤਾ ਗਿਆ ਤਾਂ 18 ਅਗਸਤ ਨੂੰ ਚੰਡੀਗੜ੍ਹ ਕੌਮੀ ਮਾਰਗ ਜਾਮ ਕੀਤਾ ਜਾਵੇਗਾ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ।