ਲਖਵਿੰਦਰ ਸਿੰਘ
ਮਲੋਟ, 3 ਜੁਲਾਈ
ਦੇਸ਼ ਦੀ ਮਨੁੱਖੀ ਹੱਕਾਂ ਦੇ ਪਹਿਰੇਦਾਰ ਤੀਸਤਾ ਸੀਤਲਵਾੜ ਤੇ ਹੋਰਨਾਂ ਬੁੱਧੀਜੀਵੀਆਂ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅੱਜ ਸਥਾਨਕ ਸ਼ਹਿਰ ਵਿੱਚ ਕਿਸਾਨਾਂ-ਮਜ਼ਦੂਰਾਂ, ਬਿਜਲੀ ਕਾਮਿਆਂ, ਅਧਿਆਪਕਾਂ ਅਤੇ ਤਰਕਸ਼ੀਲਾਂ ਨੇ ਮਾਰਚ ਕੀਤਾ। ਇਸ ਤੋਂ ਪਹਿਲਾਂ ਸਥਾਨਕ ਦਾਣਾ ਮੰਡੀ ਵਿੱਚ ਜੁੜੇ ਇਨਸਾਫ਼ਪਸੰਦਾਂ ਨੂੰ ਸੰਬੋਧਨ ਕਰਦਿਆਂ ਰਾਮ ਸਵਰਨ ਲੱਖੇਵਾਲੀ ਤੇ ਮੁਲਾਜ਼ਮ ਆਗੂ ਜਰਨੈਲ਼ ਸਿੰਘ ਨੇ ਆਖਿਆ ਕਿ ਦੇਸ਼ ਦੁਨੀਆਂ ਵਿੱਚ ਜਾਣੇ ਜਾਂਦੇ ਤੀਸਤਾ ਸੀਤਲਵਾੜ ਤੇ ਮੁਹੰਮਦ ਜ਼ੁਬੈਰ ਆਦਿ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਬੰਦ ਕਰਨਾ ਮੋਦੀ ਸਰਕਾਰ ਦੀ ਤਾਨਾਸ਼ਾਹੀ ਦਾ ਸਬੂਤ ਹੈ। ਇਸ ਰਾਹੀਂ ਕੇਂਦਰ ਸਰਕਾਰ ਹੱਕ-ਸੱਚ ਦੀ ਹਮਾਇਤ ਵਿੱਚ ਜੁਟੇ ਬੁੱਧੀਜੀਵੀਆਂ ਦੀ ਆਵਾਜ਼ ਬੰਦ ਕਰਨਾ ਚਾਹੁੰਦੀ ਹੈ। ਆਗੂਆਂ ਨੇ ਆਖਿਆ ਕਿ ਮਜ਼ਦੂਰ-ਕਿਸਾਨ, ਨੌਜਵਾਨ, ਮੁਲਾਜ਼ਮ ਤੇ ਹੋਰਨਾਂ ਸਾਰੇ ਵਰਗਾਂ ਦੇ ਲੋਕ ਪੱਤਰਕਾਰਾਂ, ਬੁੱਧੀਜੀਵੀਆਂ ਤੇ ਸਮਾਜਿਕ ਕਾਰਕੁਨਾਂ ਨਾਲ ਖੜ੍ਹੇ ਹਨ।
ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਤਰਸੇਮ ਸਿੰਘ ਖੁੰਡੇ ਹਲਾਲ ਤੇ ਜਗਦੀਪ ਖੁੱਡੀਆਂ ਨੇ ਆਖਿਆ ਕਿ ਫਾਸ਼ੀਵਾਦੀ ਏਜੰਡੇ ਲਾਗੂ ਕਰਨ ’ਤੇ ਤੁਲੀ ਹੋਈ ਭਾਜਪਾ ਹਕੂਮਤ ਸੱਤਾ ਦੀ ਦੁਰਵਰਤੋਂ ਕਰ ਰਹੀ ਹੈ। ਆਗੂਆਂ ਨੇ ਅਜਿਹੇ ਤਾਨਾਸ਼ਾਹੀ ਨੂੰ ਨੱਥ ਪਾਉਣ ਲਈ ਸੰਘਰਸ਼ਾਂ ਦੇ ਘੋਲ਼ ਮਘਾਉਣ ਦਾ ਸੱਦਾ ਦਿੱਤਾ।
ਸਿਖ਼ਰ ਦੁਪਹਿਰੇ ਮਾਰਚ ਕਰਦਿਆਂ ਕਿਸਾਨਾਂ-ਮਜ਼ਦੂਰਾਂ ਨੇ ਤੀਸਤਾ ਸੀਤਲਵਾੜ ਸਣੇ ਜੇਲ੍ਹਾਂ ਵਿੱਚ ਬੰਦ ਬੁੱਧੀਜੀਵੀਆਂ ਦੀ ਬਿਨਾ ਸ਼ਰਤ ਰਿਹਾਈ, ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਜਮਹੂਰੀ ਹੱਕ ਬਹਾਲ ਕਰਨ ਦੇ ਨਾਅਰੇ ਲਾਏ। ਕਿਸਾਨ ਆਗੂ ਗੁਰਪਾਸ਼ ਸਿੰਘ ਸਿੰਘੇਵਾਲਾ ਨੇ ਆਖਿਆ ਕਿ ਭਾਜਪਾ ਹਕੂਮਤ ਦੇ ਮਨਸ਼ੇ ਹਰਗਿਜ਼ ਪੂਰੇ ਨਹੀਂ ਹੋਣ ਦਿੱਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮ ਪਾਲ਼ ਗੱਗੜ, ਅਮਰਜੀਤ ਪਾਲ ਸ਼ਰਮਾ, ਭੁਪਿੰਦਰ ਸਿੰਘ ਚੰਨੂੰ, ਮਲਕੀਤ ਸਿੰਘ ਗੱਗੜ, ਕੁਲਦੀਪ ਕਰਮਗੜ੍ਹ, ਗੁਰਤੇਜ ਖੁੱਡੀਆਂ, ਸੁਖਦੇਵ ਸਿੰਘ ਤੇ ਕੁਲਬੀਰ ਸਿੰਘ ਭਾਗਸਰ ਆਦਿ ਆਗੂ ਵੀ ਮੌਜੂਦ ਸਨ।
ਦੇਸ਼ ਵਿੱਚ ਅਣਐਲਾਨੀ ਐਮਰਜੈਂਸੀ ਵਾਲੇ ਹਾਲਾਤ ਬਣੇ: ਵਿਰਕ
ਸਿਰਸਾ (ਪ੍ਰਭੂ ਦਿਆਲ): ਲੋਕ ਪੰਚਾਇਤ ਦੀ ਮੀਟਿੰਗ ਰਾਣੀਆਂ ਸਥਿਤ ਨਾਮਧਾਰੀ ਗੁਰਦੁਆਰਾ ਵਿੱਚ ਸਾਬਕਾ ਡੀਐਸਪੀ ਅਜੈਬ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਪੱਤਰਕਾਰ ਮੁਹੰਮਦ ਜ਼ੁਬੈਰ ਤੇ ਤੀਸਤਾ ਸੀਤਲਵਾੜ ਦੀ ਰਿਹਾਈ ਤੇ ਅਗਨੀਪਥ ਯੋਜਨਾ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਗਈ। ਮੀਟਿੰਗ ਦੌਰਾਨ ਇਕ ਮਤੇੇੇ ਰਾਹੀਂ ਦੇਸ਼ ਵਿੱਚ ਫੁੱਟ ਪਾਉਣ ਵਾਲੀ ਰਾਜਨੀਤੀ ਤੋਂ ਆਮ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ। ਇਸ ਦੌਰਾਨ ਕਿਸਾਨਾਂ ਨੂੰ ਪੂਰੀ ਮਾਤਰਾ ’ਚ ਨਹਿਰੀ ਪਾਣੀ ਟੇਲਾਂ ਤੱਕ ਮੁਹੱਈਆ ਕਰਵਾਉਣ, ਟੁੱਟੀਆਂ ਸੜਕਾਂ ਦੀ ਮੁਰਮੰਤ ਕਰਵਾਉਣ, ਕਿਸਾਨਾਂ ਨੂੰ ਲੋੜੀਂਦੀ ਬਿਜਲੀ ਮੁਹੱਈਆ ਕਰਵਾਉਣ ਦੀ ਵੀ ਮੰਗ ਕੀਤੀ ਗਈ। ਇਸ ਦੌਰਾਨ ਲੋਕ ਪੰਚਾਹਿਤ ਦੇ ਆਗੂ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਦੇਸ਼ ਵਿੱਚ ਜਮਹੂਰਿਅਤ ਵਿਰੋਧੀ ਕਾਨੂੰਨ ਅਤੇ ਅਣਐਲਾਨੀ ਐਮਰਜੈਂਸੀ ਵਾਲੇ ਹਾਲਾਤ ਬਣੇ ਹੋਏ ਹਨ। ਕੇਂਦਰ ਤੇ ਸੂਬਾ ਸਰਕਾਰ ਲੋਕ ਮਸਲਿਆਂ ਦੇ ਹੱਲ ’ਚ ਫੇਲ੍ਹ ਸਾਬਿਤ ਹੋਈ ਹੈ। ਬੁੱਧੀਜੀਵੀਆਂ ਅਤੇ ਲੋਕ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ ਜਬਰੀ ਚੁੱਪ ਕਰਵਾਉਣ ਲਈ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਇਸ ਮੌਕੇ ’ਤੇ ਜਿੰਦਰ ਸਿੰਘ ਬੁੱਢੀ ਮੈੜੀ, ਗੁਰਨਾਮ ਸਿੰਘ ਝੱਬਰ, ਸੁਖਦੇਵ ਸਿੰਘ ਕੱਕਾ, ਜਗਦੇਵ ਸਿੰਘ ਮੱਟਦਾਦੂ, ਗੁਰਦੀਪ ਸਿੰਘ, ਲਾਲ ਸਿੰਘ, ਮਹਿੰਦਰ ਸਿੰਘ ਭਗਤ, ਮਹਿੰਦਰ ਸਿੰਘ ਖਾਜਾਖੇੜਾ, ਸੇਵਾ ਸਿੰਘ ਵਿਰਕ, ਕੁਲਵੰਤ ਸਿੰਘ ਧੰਜੂ, ਬਲਬੀਰ ਸਿੰਘ ਜੱਜ, ਜਾਗਰ ਸਿੰਘ ਮਾਨ ਤੇ ਮਾਲਕ ਸਿੰਘ ਕੰਗ ਮੌਜੂਦ ਸਨ।