ਪੱਤਰ ਪ੍ਰੇਰਕ
ਨਥਾਣਾ, 4 ਜੂਨ
ਖੇਤੀ ਮੋਟਰਾਂ ਦਾ ਸਾਮਾਨ ਚੋਰੀ ਕਰਨ ਵਾਲੇ ਭਗੌੜੇ ਤਿੰਨ ਚੋਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਕਿਸਾਨਾਂ ਵੱਲੋਂ ਇਥੇ ਥਾਣੇ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਗੰਗਾ, ਗਿੱਦੜ, ਢੇਲਵਾਂ, ਨਾਥਪੁਰਾ, ਨਥਾਣਾ, ਪੂਹਲਾ ਅਤੇ ਬੱਜੋਆਣਾ ਦੇ ਕਿਸਾਨ ਇਸ ਧਰਨੇ ਵਿੱਚ ਸ਼ਾਮਲ ਹੋਏ। ਇਲਾਕੇ ਦੇ ਖੇਤਾਂ ਵਿੱਚ ਮੋਟਰਾਂ ਦਾ ਕੀਮਤੀ ਸਾਮਾਨ ਚੋਰੀ ਹੋਣ ਦੀਆਂ ਘਟਨਾਵਾਂ ਵਿੱਚ ਵਾਧੇ ਕਾਰਨ ਕਿਸਾਨ ਪਹਿਰਾ ਦੇ ਰਹੇ ਸਨ। ਲੰਘੀ ਰਾਤ ਕਿਸਾਨਾਂ ਨੇ ਚੋਰ ਗਰੋਹ ਦੇ ਦੋ ਮੈਂਬਰ ਫੜ ਕੇ ਪੁਲੀਸ ਹਵਾਲੇ ਕਰ ਦਿੱਤੇ ਜਦੋਂ ਕਿ ਤਿੰਨ ਚੋਰ ਫਰਾਰ ਹੋ ਗਏ। ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਇਕੱਠੇ ਹੋਏ ਪਿੰਡਾਂ ਦੇ ਕਿਸਾਨਾਂ ਨੇ ਸਥਾਨਕ ਥਾਣੇ ਅੱਗੇ ਧਰਨਾ ਲਾ ਦਿੱਤਾ। ਕਿਸਾਨ ਆਗੂਆਂ ਅਵਤਾਰ ਸਿੰਘ, ਮੁਖਤਿਆਰ ਸਿੰਘ, ਗੁਰਜੰਟ ਸਿੰਘ,ਕਰਨੈਲ ਸਿੰਘ ਅਤੇ ਹਰਜਿੰਦਰ ਸਿੰਘ ਨੇ ਪੀੜਤ ਕਿਸਾਨਾਂ ਨੂੰ ਇਨਸਾਫ ਮਿਲਣ ਤੱਕ ਧਰਨਾ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ। ਥਾਣਾ ਮੁਖੀ ਨਰਿੰਦਰ ਕੁਮਾਰ ਨੇ ਕਿਸਾਨ ਆਗੂਆਂ ਨਾਲ ਲੰਬੀ ਗੱਲਬਾਤ ਮਗਰੋਂ ਭਗੌੜੇ ਚੋਰਾਂ ਨੁੰ ਪੰਜ ਦਿਨ ਵਿੱਚ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਫੜੇ ਗਏ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਨ ਅਤੇ ਚੋਰੀ ਦਾ ਸਾਮਾਨ ਬਰਾਮਦ ਕਰਨ ਦਾ ਯਕੀਨ ਦਿਵਾਇਆ। ਥਾਣਾ ਮੁਖੀ ਦੇ ਭਰੋਸੇ ਉਪਰੰਤ ਕਿਸਾਨਾਂ ਵੱਲੋਂ ਧਰਨਾ ਸਮਾਪਤ ਕੀਤਾ ਗਿਆ।