ਜਸਵੰਤ ਜੱਸ
ਫ਼ਰੀਦਕੋਟ, 27 ਮਾਰਚ
ਇੱਥੋਂ ਦੇ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ ਪਿਛਲੇ 40 ਸਾਲਾਂ ਤੋਂ ਚੱਲ ਰਹੀ ਬੀਐੱਸਸੀ (ਖੇਤੀਬਾੜੀ) ਦੀ ਪੜ੍ਹਾਈ ਲਈ ਇਸ ਵਾਰ ਦਾਖ਼ਲੇ ਨਾ ਹੋਣ ਖ਼ਿਲਾਫ਼ ਧਰਨੇ ’ਤੇ ਬੈਠੇ ਵਿਦਿਆਰਥੀਆਂ ਦੇ ਹੱਕ ਵਿੱਚ ਅੱਜ ਫ਼ਰੀਦਕੋਟ ਦੇ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ।
ਪੰਜਾਬ ਖੇਤੀਬਾੜੀ ਕੌਂਸਲ ਨੇ ਕਾਲਜ ਵਿੱਚ ਸਟਾਫ, ਪ੍ਰਯੋਗਸ਼ਾਲਾ ਅਤੇ ਲੋੜੀਂਦੀ ਜ਼ਮੀਨ ਦੀ ਘਾਟ ਹੋਣ ਕਾਰਨ ਇਸ ਸਾਲ ਬੀ.ਐੱਸ.ਸੀ ਲਈ ਦਾਖ਼ਲੇ ਨਾ ਕਰਨ ਦੀ ਹਦਾਇਤ ਕੀਤੀ ਹੈ। ਮਾਲਵੇ ਦਾ ਇਹ ਇਕਲੌਤਾ ਸਰਕਾਰੀ ਕਾਲਜ ਹੈ, ਜਿੱਥੇ ਬੀ.ਐੱਸ.ਸੀ ਬਹੁਤ ਘੱਟ ਫ਼ੀਸਾਂ ਨਾਲ ਕਰਵਾਈ ਜਾ ਰਹੀ ਹੈ। ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਉਹ ਬ੍ਰਿਜਿੰਦਰਾ ਕਾਲਜ ਵਿੱਚ 40 ਸਾਲ ਤਕ ਆਪਣੀਆਂ ਸੇਵਾਵਾਂ ਦਿੰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਾਲਜ ਦੇ ਸ਼ਾਨਾਮੱਤੇ ਇਤਿਹਾਸ ਨਾਲ ਕਿਸੇ ਨੂੰ ਛੇੜਛਾੜ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਾਲਜ ਵਿੱਚ ਮੌਜੂਦ ਘਾਟਾਂ ਨੂੰ ਤੁਰੰਤ ਦੂਰ ਕਰ ਕੇ ਬੀਐੱਸਸੀ ਦੀ ਪੜ੍ਹਾਈ ਸ਼ੁਰੂ ਕਰਵਾਈ ਜਾਵੇ, ਨਹੀਂ ਤਾਂ ਉਹ ਇਸ ਕਾਲਜ ਨੂੰ ਬਚਾਉਣ ਲਈ ਪੰਜਾਬ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਸੰਘਰਸ਼ ਵਿੱਢ ਦੇਣਗੇ। ਧਰਨੇ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਆਗੂ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਅਸਲ ਵਿੱਚ ਪੰਜਾਬ ਸਰਕਾਰ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਤੋਂ ਸਿੱਖਿਆ ਖੋਹ ਰਹੀ ਹੈ ਅਤੇ ਖੇਤੀਬਾੜੀ ਦੀਆਂ ਕਲਾਸਾਂ ਸਾਜ਼ਿਸ਼ ਤਹਿਤ ਬੰਦ ਕਰਵਾਈਆਂ ਜਾ ਰਹੀਆਂ ਹਨ। ਇਸ ਧਰਨੇ ਨੂੰ ਪ੍ਰੋ. ਨਰਿੰਦਰਜੀਤ ਸਿੰਘ ਬਰਾੜ, ਸੁਖਚੈਨ ਸਿੰਘ ਚੈਨਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।