ਖੇਤਰੀ ਪ੍ਰਤੀਨਿਧ
ਬਰਨਾਲਾ, 23 ਅਗਸਤ
ਸਥਾਨਕ ਸਰਕਾਰੀ ਆਈਟੀਆਈ (ਲੜਕੇ/ਲੜਕੀਆਂ) ਦੀ ਠੇਕਾ ਇੰਸਟਰਕਟਰ ਸੰਘਰਸ਼ ਕਮੇਟੀ ਨੇ ਆਪਣੀਆਂ ਹੱਕੀ ਮੰਗਾਂ ਲਈ ਸੰਸਥਾ ਦੇ ਪ੍ਰਿੰਸੀਪਲ ਖਿਲਾਫ਼ ਧਰਨਾ ਦਿੱਤਾ। ਸੰਘਰਸ਼ ਕਮੇਟੀ ਦੇ ਪ੍ਰਧਾਨ ਨਵਨੀਤ ਬਰਨਾਲਾ ਅਤੇ ਮੀਤ ਪ੍ਰਧਾਨ ਗਗਨਦੀਪ ਕੌਰ ਨੇ ਇਸ ਮੌਕੇ ਦੱਸਿਆ ਕਿ ਪ੍ਰਿੰਸੀਪਲ ਦੇ ਗੈਰ-ਜ਼ਿੰਮੇਵਾਰਾਨਾ ਰਵੱਈਏ ਕਾਰਨ ਵੱਖ-ਵੱਖ ਕੈਟਾਗਿਰੀ ਅਧੀਨ ਆਉਂਦੇ ਸਟਾਫ਼ ’ਚੋਂ ਪੀਪੀਪੀ ਸਕੀਮ ਦੀ ਤਿੰਨ ਮਹੀਨੇ ਦੀ, ਵੈਲਫੇਅਰ ਸਕੀਮ ਅਧੀਨ ਕੰਮ ਕਰ ਰਹੇ ਇੰਸਟਰਕਟਰ ਦੀ ਅਕਤੂਬਰ ਮਹੀਨੇ ਤੋਂ, ਪੀਐੱਸਟੀ ਸਕੀਮ ਦੀ ਤਕਰੀਬਨ ਦੋ ਮਹੀਨੇ ਦੀ ਤਨਖਾਹ ਲਟਕੀ ਹੋਈ ਹੈ। ਇਸ ਤੋਂ ਇਲਾਵਾ ਆਈਟੀਆਈ ਵਿੱਚ ਪਾਣੀ ਦੀ ਸਮੱਸਿਆ, ਨੈੱਟ ਤੇ ਸਟਾਫ਼ ਦੀਆਂ ਛੁੱਟੀਆਂ ਆਦਿ ਮਸਲਿਆਂ ਨੂੰ ਲੈ ਕੇ ਇੰਸਟਰਕਟਰਾਂ ਵਿੱਚ ਪ੍ਰਿੰਸੀਪਲ ਖ਼ਿਲਾਫ਼ ਰੋਸ ਹੈ।
ਇਸ ਮੌਕੇ ਮੁਲਾਜ਼ਮਾਂ ਦੀ ਹਮਾਇਤ ਵਿੱਚ ਪਹੁੰਚੇ ਨਰੈਣ ਦੱਤ, ਗੁਰਮੀਤ ਸੁਖਪੁਰ, ਰਾਜੀਵ ਬਰਨਾਲਾ, ਜੁਗਰਾਜ ਟੱਲੇਵਾਲ ਨੇ ਕਿਹਾ ਕਿ ਨਿੱਜੀਕਰਨ ਤੋਂ ਸਰਕਾਰੀ ਅਦਾਰਿਆਂ ਨੂੰ ਬਚਾਉਣ ਲਈ ਜਥੇਬੰਦਕ ਏਕੇ ਦੀ ਲੋੜ ਹੈ ਤੇ ਸਾਂਝੇ ਮੁਲਾਜ਼ਮ ਘੋਲਾਂ ਦੁਆਰਾ ਹੀ ਇਸ ਮਾਰੂ ਹੱਲੇ ਨੂੰ ਮੋੜਾ ਦਿੱਤਾ ਜਾ ਸਕਦਾ ਹੈ। ਉਧਰ, ਸੰਘਰਸ਼ ਅੱਗੇ ਝੁਕਦਿਆਂ ਪ੍ਰਿੰਸੀਪਲ ਨੇ ਧਰਨੇ ਵਿੱਚ ਪੁੱਜ ਕੇ ਤਨਖਾਹ ਸਮੇਤ ਬਾਕੀ ਮੰਗਾਂ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ। ਦੋਵੇਂ ਆਈਟੀਆਈਜ਼ ਦੇ ਸਮੁੱਚੇ ਇੰਸਟਰੱਕਟਰਾ ਦੀ ਤਨਖਾਹ ਤੁਰੰਤ ਜਾਰੀ ਹੋਣ ਉਪਰੰਤ ਜੇਤੂ ਨਾਅਰਿਆਂ ਨਾਲ ਧਰਨੇ ਦੀ ਸਮਾਪਤੀ ਕੀਤੀ ਗਈ।