ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 21 ਅਕਤੂਬਰ
ਬਠਿੰਡਾ-ਡੱਬਵਾਲੀ ਰੋਡ ਉੱਪਰ ਸੰਗਤ ਕੈਂਚੀਆਂ ਨਜ਼ਦੀਕ ਪਿੰਡ ਮਛਾਣਾ ਨੇੜੇ ਲੱਗੀ ਬੀਸੀਐੱਲ ਸ਼ਰਾਬ ਫੈਕਟਰੀ ਦੇ ਪ੍ਰਦੂਸ਼ਣ ਅਤੇ ਪਿੰਡ ’ਚੋਂ ਗੁਜ਼ਰਦੇ ਭਾਰੀ ਵਾਹਨਾਂ ਤੋਂ ਦੁਖੀ ਹੋ ਕੇ ਇਲਾਕਾ ਵਾਸੀਆਂ ਨੇ ਫੈਕਟਰੀ ਪ੍ਰਬੰਧਕਾਂ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਿੰਡ ਮਛਾਣਾ ਵਾਸੀ ਸੁਰਿੰਦਰ ਸਿੰਘ, ਲਖਵਿੰਦਰ ਸਿੰਘ ਅਤੇ ਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਕੈਮੀਕਲ ਲਿਮਟਿਡ ਦੀ ਸ਼ਰਾਬ ਫੈਕਟਰੀ ਦੀ ਸੁਆਹ ਅਤੇ ਪ੍ਰਦੂਸ਼ਣ ਤੋਂ ਪਿੰਡ ਦੇ ਲੋਕ ਡਾਢੇ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਸ਼ਿਕਾਇਤ ਕੀਤੀ ਸੀ ਕਿ ਸ਼ਰਾਬ ਫੈਕਟਰੀ ਅੰਦਰਲਾ ਕੈਮੀਕਲ ਯੁਕਤ ਜ਼ਹਿਰੀਲਾ ਪਾਣੀ ਗੈਰਕਾਨੂੰਨੀ ਮੋਟਰਾਂ ਲਗਾ ਕੇ ਧਰਤੀ ਹੇਠ ਸੁੱਟਿਆ ਜਾ ਰਿਹਾ ਹੈ। ਇਸੇ ਤਰ੍ਹਾਂ ਫੈਕਟਰੀ ਦੀ ਸੁਆਹ ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇ ਕਿਨਾਰੇ ਸੁੱਟੇ ਜਾਣ ਦੀ ਸ਼ਿਕਾਇਤ ਕੀਤੀ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸ.ਡੀ.ਓ.ਰਵੀਪਾਲ ਅਤੇ ਐਕਸੀਅਨ ਦਲਜੀਤ ਸਿੰਘ ਨੇ ਫੈਕਟਰੀ ’ਚ ਪਹੁੰਚ ਕੇ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਭਾਰੀ ਵਾਹਨਾਂ ਕਾਰਨ ਬਿਜਲੀ ਦੀਆਂ ਤਾਰਾਂ ਅਤੇ ਪਿੰਡ ਦੀ ਸੜਕ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਬੀਤੀ ਰਾਤ ਬਿਜਲੀ ਗੁੱਲ ਹੋਣ ਤੋਂ ਦੁਖ਼ੀ ਹੋਏ ਪਿੰਡ ਵਾਸੀਆਂ ਵੱਲੋਂ ਫੈਕਟਰੀ ਦੇ ਵਾਹਨ ਰੋਕ ਕੇ ਧਰਨਾ ਪ੍ਰਦਰਸ਼ਨ ਕੀਤਾ। ਫੈਕਟਰੀ ਪ੍ਰਬੰਧਕਾਂ ਵੱਲੋਂ ਮਸਲੇ ਦਾ ਹੱਲ ਜਲਦੀ ਕੀਤੇ ਜਾਣ ਦਾ ਵਿਸ਼ਵਾਸ ਦਿਵਾਏ ਜਾਣ ’ਤੇ ਧਰਨਾ ਸਮਾਪਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਮਸਲੇ ਦਾ ਹੱਲ ਨਾ ਹੋਇਆ ਤਾਂ ਪਿੰਡ ਵਾਸੀ ਫੈਕਟਰੀ ਮੂਹਰੇ ਪੱਕਾ ਧਰਨਾ ਲਾਉਣਗੇ। ਇਸ ਸਬੰਧੀ ਸ਼ਰਾਬ ਫੈਕਟਰੀ ਦੇ ਅਧਿਕਾਰੀ ਸ਼ਾਮ ਲਾਲ ਨੇ ਦੱਸਿਆ ਕਿ ਸੁਆਹ ਉੱਤੇ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਇਲਾਵਾ ਫੈਕਟਰੀ ਅੰਦਰ ਨਹਿਰੀ ਪਾਣੀ ਦੀ ਬੰਦੀ ਸਮੇਂ ਪਾਣੀ ਦੀ ਲੋੜ ਪੂਰੀ ਕਰਨ ਲਈ ਟਿਊਬਵੈੱਲ ਲਗਾਏ ਗਏ ਹਨ ਪ੍ਰੰਤੂ ਗੰਦਾ ਪਾਣੀ ਧਰਤੀ ਹੇਠ ਸੁੱਟੇ ਜਾਣ ਦੇ ਦੋਸ਼ ਗਲਤ ਹਨ।
ਕੀ ਕਹਿੰਦੇ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸਡੀਓ
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸ.ਡੀ.ਓ. ਰਵੀਪਾਲ ਉਨ੍ਹਾਂ ਵੱਲੋਂ ਫੈਕਟਰੀ ਵਿਰੁੱਧ ਅਗਲੇਰੀ ਕਾਰਵਾਈ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਸੌਂਪ ਦਿੱਤੀ ਹੈ।