ਪੱਤਰ ਪ੍ਰੇਰਕ
ਤਲਵੰਡੀ ਸਾਬੋ, 2 ਅਗਸਤ
ਪੰਜਾਬੀ ਯੂਨੀਵਰਸਿਟੀ ਕੈਂਪਸ ਗੁਰੂ ਕਾਸ਼ੀ ਕਾਲਜ ਦੇ ਪ੍ਰਬੰਧਕਾਂ ਵੱਲੋਂ ਕਾਲਜ ਵਿੱਚ ਬੀਏ ਭਾਗ ਪਹਿਲਾ ਦਾ ਦਾਖਲਾ ਬੰਦ ਕਰਨ ਦੇ ਰੋਸ ਵਜੋਂ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੇ ਅੱਜ ਕਾਲਜ ਦੇ ਗੇਟ ਅੱਗੇ ਧਰਨਾ ਲਗਾਇਆ। ਜੋ ਕਾਲਜ ਪ੍ਰਬੰਧਕਾਂ ਵੱਲੋਂ ਦਿਵਾਏ ਭਰੋਸੇ ਬਾਅਦ ਸਮਾਪਤ ਹੋ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਯੂਥ ਆਗੂ ਬਲਕਾਰ ਸਿੰਘ ਨਵਾਂ ਪਿੰਡ ਅਤੇ ਵਿਦਿਆਰਥੀ ਆਗੂ ਪ੍ਰਧਾਨ ਬਲਵਿੰਦਰ ਸਿੰਘ ਬਹਿਮਣ ਨੇ ਦੱਸਿਆ ਕਿ ਕਾਲਜ ਪ੍ਰਬੰਧਕਾਂ ਵੱਲੋਂ ਬੀਏ ਵਿੱਚ ਦਾਖਲਾ ਲੈਣ ਆ ਰਹੇ ਵਿਦਿਆਰਥੀਆਂ ਨੂੰ ਦਾਖਲਾ ਫਾਰਮ ਨਹੀਂ ਦਿੱਤੇ ਜਾ ਰਹੇ ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ਦੇ ਨਾਲ ਨਾਲ ਉਨ੍ਹਾਂ ਦਾ ਭਵਿੱਖ ਵੀ ਤਬਾਹ ਹੋਣ ਵੱਲ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਵਾਰ ਵਾਰ ਬੇਨਤੀ ਕਰਨ ’ਤੇ ਵੀ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਦਾਖਲੇ ਲਈ ਫਾਰਮ ਨਹੀਂ ਦਿੱਤੇ ਗਏ ਜਿਸ ਕਰਕੇ ਧਰਨਾ ਲਗਾਉਣਾ ਪਿਆ। ਕਾਲਜ ਪ੍ਰਿੰਸੀਪਲ ਡਾ. ਅਮਨਦੀਪ ਸਿੰਘ ਸੇਖੋਂ ਨੇ ਭਰੋਸਾ ਦਿਵਾਇਆ ਕਿ ਕਾਲਜ ਦੇ ਡਾਇਰੈਕਟਰ ਨਾਲ ਗੱਲਬਾਤ ਕਰਕੇ ਕੱਲ੍ਹ ਤੋਂ ਦਾਖਲੇ ਸ਼ੁਰੂ ਕਰ ਦਿੱਤੇ ਜਾਣਗੇ ਜਿਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ।