ਮਾਨਸਾ: ਦੀ ਰੈਵੇਨਿਊ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਮਾਨਸਾ ਵੱਲੋਂ ਡਿਪਟੀ ਕਮਿਸ਼ਨਰ ਦੇ ਰਵੱਈਏ ਖ਼ਿਲਾਫ਼ ਅੱਜ ਤੀਜੇ ਦਿਨ ਜ਼ਿਲ੍ਹਾ ਪੱਧਰੀ ਧਰਨਾ ਲਾਇਆ ਗਿਆ। ਜਥੇਬੰਦੀ ਵੱਲੋਂ ਪ੍ਰਸ਼ਾਸਨ ਦੇ ਨਾਕਾਰਾਤਮਿਕ ਰਵੱਈਏ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਹੈਰੀ ਨੇ ਦੱਸਿਆ ਕਿ ਇਸ ਧਰਨੇ ਵਿੱਚ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਬਾਡੀ ਬਰਨਾਲਾ ਵੱਲੋਂ ਸ਼ਾਮਿਲ ਹੋ ਕੇ ਜ਼ਿਲ੍ਹਾ ਮਾਨਸਾ ਨੂੰ ਮੁਕੰਮਲ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਤੱਕ ਡਿਪਟੀ ਕਮਿਸਨਰ ਮਾਨਸਾ ਆਪਣੇ ਰਵੱਈਏ ਨੂੰ ਤਿਆਗ ਕੇ ਆਪਣੇ ਦਫ਼ਤਰ ਵੱਲੋ ਜਾਰੀ ਪੱਤਰ ਵਾਪਸ ਨਹੀਂ ਲੈਂਦੇ, ਓਨਾ ਸਮਾਂ ਇਹ ਧਰਨਾ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਭਲਕੇ ਜ਼ਿਲ੍ਹਾ ਬਠਿੰਡਾ ਅਤੇ ਪਰਸੋਂ ਜ਼ਿਲ੍ਹਾ ਸੰਗਰੂਰ ਦੇ ਪਟਵਾਰੀ/ਕਾਨੂੰਗੋ ਸਾਥੀ ਵੀ ਧਰਨੇ ਨੂੰ ਸਮਰਥਨ ਦੇਣ ਲਈ ਆਉਣਗੇ। -ਪੱਤਰ ਪ੍ਰੇਰਕ