ਪੱਤਰ ਪ੍ਰੇਰਕ
ਸ਼ਹਿਣਾ, 2 ਜੁਲਾਈ
ਬਲਾਕ ਸ਼ਹਿਣਾ ਦੇ ਪਿੰਡ ਉਗੋਕੇ ਵਿੱਚ ਲੋਕਾਂ ਨੇ ਦੋ ਰੁਪਏ ਕਿਲੋ ਵਾਲੀ ਕਣਕ ਨਾ ਮਿਲਣ ’ਤੇ ਡਿਪੂ ਹੋਲਡਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੌਕੇ ’ਤੇ ਮੌਜੂਦ ਕੁਲਵੰਤ ਕੌਰ, ਰਾਜਵੀਰ ਕੌਰ, ਜਸਵਿੰਦਰ ਕੌਰ, ਚਰਨਜੀਤ ਕੌਰ, ਪਾਲੋ ਕੌਰ, ਜੀਤ ਕੌਰ, ਸੁਰਜੀਤ ਕੌਰ, ਭਗਵਾਨ ਸਿੰਘ, ਰੂਪ ਸਿੰਘ, ਨਰਿੰਦਰ ਸਿੰਘ, ਸ਼ਿੰਦਾ ਸਿੰਘ, ਬਸੰਤ ਸਿੰਘ ਅਤੇ ਨਿਰਭੈ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਦਿਹਾੜੀ ਛੱਡ ਕੇ ਕਣਕ ਲੈਣ ਲਈ ਡਿੱਪੂ ਹੋਲਡਰ ਕੋਲ ਆ ਰਹੇ ਹਨ ਪਰ ਹਰ ਵਾਰ ਕਣਕ ਦੇਣ ਤੋਂ ਟਾਲਾ ਵੱਟ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਉਹ ਆਪਣਾ ਕੰਮ ਮਜਬੂਰੀਵੱਸ ਛੱਡ ਕੇ ਕਣਕ ਦੀ ਝਾਕ ਵਿੱਚ ਡਿਪੂ ਹੋਲਡਰ ਦੇ ਘਰ ਅੱਗੇ ਬੈਠਦੇ ਹਨ ਪਰ ਹਰ ਰੋਜ਼ ਭਕਾਈ ਕਰਵਾਈ ਜਾਂਦੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਹਰ ਵਾਰ ਕਣਕ ਲੈਣ ਲਈ ਖੱਜਲ-ਖੁਆਰ ਹੋਣਾ ਪੈਂਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਇਹ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ।
ਡਿੱਪੂ ਹੋਲਡਰ ਵੀਰਪਾਲ ਸਿੰਘ ਨੇ ਕਿਹਾ ਕਿ ਵਿਭਾਗ ਕੋਲ ਮਸ਼ੀਨਾਂ ਦੀ ਘਾਟ ਹੈ। ਡਿੱਪੂ ਵੱਧ ਹੋਣ ਕਾਰਨ ਕਈ-ਕਈ ਦਿਨ ਮਸ਼ੀਨ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਅੱਜ ਮਸ਼ੀਨ ਖਰਾਬ ਹੋਣ ਕਾਰਨ ਇਹ ਸਮੱਸਿਆ ਆਈ ਹੈ ਅਤੇ ਜਲਦੀ ਹੀ ਲਾਭਪਾਤਰੀਆਂ ਨੂੰ ਕਣਕ ਦੇ ਦਿੱਤੀ ਜਾਵੇਗੀ।
ਮਜ਼ਦੂਰ ਜਥੇਬੰਦੀ ਵੱਲੋਂ ਡਿੱਪੂ ਹੋਲਡਰਾਂ ਖ਼ਿਲਾਫ਼ ਪ੍ਰਦਰਸ਼ਨ
ਜੋਗਾ (ਪੱਤਰ ਪ੍ਰੇਰਕ): ਪਿੰਡ ਅਕਲੀਆ ਵਿੱਚ ਡਿੱਪੂ ਹੋਲਡਰਾਂ ਵੱਲੋਂ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਲੋਕਾਂ ਨਾਲ ਕੀਤੀ ਜਾ ਰਹੀ ਕਥਿਤ ਧੱਕੇਸ਼ਾਹੀ ਖ਼ਿਲਾਫ਼ ਅੱਜ ਇੱਥੇ ਪਿੰਡ ਵਾਸੀਆਂ ਨੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੀ ਅਗਵਾਈ ਹੇਠ ਰੋਸ ਰੈਲੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਕੇਵਲ ਸਿੰਘ ਅਕਲੀਆ ਨੇ ਕਿਹਾ ਕਿ ਪਿੰਡ ਅਕਲੀਆ ਦੇ ਦੋਵੇਂ ਡਿੱਪੂ ਹੋਲਡਰ ਜਾਣ-ਬੁੱਝ ਕੇ ਕਾਰਡਧਾਰਕਾਂ ਨੂੰ ਖੱਜਲ-ਖੁਆਰ ਕਰ ਰਹੇ ਹਨ ਅਤੇ ਲਾਭਪਾਤਰੀਆਂ ਨੂੰ ਪ੍ਰਤੀ ਮਹੀਨਾ ਪੰਜ ਕਿਲੋ ਕਣਕ ਘੱਟ ਦਿੱਤੀ ਜਾ ਰਹੀ ਹੈ। ਜਥੇਦਾਰ ਭਗਵਾਨ ਸਿੰਘ ਨੇ ਕਿਹਾ ਕੁੱਝ ਦਿਨ ਪਹਿਲਾਂ ਉਨ੍ਹਾਂ ਫੂਡ ਸਪਲਾਈ ਵਿਭਾਗ ਮਾਨਸਾ ਦੇ ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਨਿਰਮਲ ਸਿੰਘ ਨੂੰ ਮਿਲ ਕੇ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਸੀ ਪਰ ਅਜੇ ਤੱਕ ਮਾਮਲਾ ਕਿਸੇ ਤਣ ਪੱਤਣ ਨਹੀਂ ਲੱਗਿਆ ਹੈ। ਕਾਮਰੇਡ ਲਾਭ ਸਿੰਘ ਅਕਲੀਆ ਨੇ ਕਿਹਾ ਕਿ ਡਿੱਪੂ ਹੋਲਡਰਾਂ ਵੱਲੋਂ ਵੰਡੀ ਜਾ ਰਹੀ ਕਣਕ ਤੋਲਣ ’ਤੇ ਘੱਟ ਨਿਕਲ ਰਹੀ ਹੈ। ਇਸ ਮੌਕੇ ਪਿੰਡ ਵਾਸੀ ਗੋਬਿੰਦ ਸਿੰਘ, ਗੁਰਦੇਵ ਸਿੰਘ, ਸੁਰਜੀਤ ਸਿੰਘ, ਮਿੱਠੂ ਸਿੰਘ ਪ੍ਰੇਮੀ ਅਤੇ ਜਰਨੈਲ ਸਿੰਘ ਖਾਲਸਾ ਨੇ ਇਨਸਾਫ਼ ਲੈਣ ਲਈ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਇਸ ਸਬੰਧੀ ਫੂਡ ਸਪਲਾਈ ਵਿਭਾਗ ਦੇ ਜ਼ਿਲ੍ਹਾ ਕੰਟਰੋਲਰ ਅਧਿਕਾਰੀ ਨਿਰਮਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਸ਼ ਬੇਬੁਨਿਆਦ ਹਨ, ਡਿੱਪੂ ਹੋਲਡਰ ਸਹੀ ਢੰਗ ਨਾਲ ਕਣਕ ਵੰਡ ਰਹੇ ਹਨ।