ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 15 ਜਨਵਰੀ
ਮਾਘੀ ਮੇਲਾ ਤਖਤੂਪੁਰਾ ਅਤੇ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ ਯਾਦਗਾਰ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੋਕ ਪੱਖੀ ਸਮਾਗਮ ਹੋਇਆ।
ਸਮਾਗਮ ਦੀ ਸ਼ੁਰੂਆਤ ਵਿਚ ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ, ਲੋਕ ਪੱਖੀ ਗਾਇਕ ਰਾਮ ਸਿੰਘ ਹਠੂਰ ਅਤੇ ਜਗਰਾਜ ਅੱਚਰਵਾਲ ਸਣੇ ਹੋਰਨਾਂ ਗਾਇਕਾਂ ਨੇ ਗੀਤ ਪੇਸ਼ ਕੀਤੇ। ਇਸ ਦੌਰਾਨ ਉਸਾਰੂ ਸਾਹਿਤ ਦੀ ਪੁਸਤਕ ਪ੍ਰਦਰਸ਼ਨੀ ਲਗਾਈ ਗਈ।
ਇਸ ਮੌਕੇ ਹਾਜ਼ਰੀਨ ਨੇ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਸਣੇ ਦਿੱਲੀ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾ ਫੁੱਲ ਕੀਤੇ ਅਤੇ ਲੜਾਈ ਜਾਰੀ ਰੱਖਣ ਦਾ ਅਹਿਦ ਲਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਗੁਰਚਰਨ ਰਾਮਾ ਕਿਹਾ ਕਿ ਕਿਸਾਨੀਂ ਘੋਲ ਨੂੰ ਅੱਜ ਪੂਰਾ ਸੰਸਾਰ ਵੇਖ ਰਿਹਾ ਹੈ।
ਖੇਤੀ ਅੰਦੋਲਨ ਦੇਸ਼ ਦਾ ਭਵਿੱਖ ਤੈਅ ਕਰੇਗਾ: ਜਗਰੂਪ ਸਿੰਘ
ਮਾਘੀ ਮੇਲਾ ਤਖਤੂਪੁਰਾ ਦੇ ਦੂਜੇ ਦਿਨ ਵੀ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਕਾਨਫਰੰਸ ਕੀਤੀ ਗਈ। ਕਿਸਾਨ ਅੰਦੋਲਨ ਨੂੰ ਸਮਰਪਿਤ ਕਾਨਫਰੰਸ ਵਿੱਚ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ ਨੇ ਕਿਹਾ ਕਿ ਅੱਜ ਦੇਸ਼ ਵਿੱਚ ਚੱਲ ਰਿਹਾ ਖੇਤੀ ਅੰਦੋਲਨ ਦੇਸ਼ ਦਾ ਭਵਿੱਖ ਤੈਅ ਕਰੇਗਾ। ਇਸ ਅੰਦੋਲਨ ਨੂੰ ਜਿੱਤ ਤੱਕ ਪਹੁੰਚਾਉਣ ਲਈ ਸਾਨੂੰ ਸਭ ਨੂੰ ਦਿਨ ਰਾਤ ਇੱਕ ਕਰ ਦੇਣਾ ਚਾਹੀਦਾ ਹੈ। ਕਾਮਰੇਡ ਜਗਰੂਪ ਨੇ ਕਿਹਾ ਕਿ ਕਾਰਪੋਰੇਟ ਘਰਾਣੇ ਖੇਤੀ ਉੱਤੇ ਕਬਜ਼ਾ ਕਰਕੇ ਆਪਣੇ ਮੁਨਾਫ਼ਿਆਂ ਵਿੱਚ ਅੰਨ੍ਹਾ ਵਾਧਾ ਕਰਕੇ ਲੋਕਾਂ ਨੂੰ ਗੁਲਾਮ ਕਰਨਾ ਚਾਹੁੰਦੇ ਹਨ ।ਇਸ ਮੌਕੇ ‘ਲਾਈਫ ਆਨ ਸਟੇਜ’ ਕਲਾਕਾਰਾਂ ਵੱਲੋਂ ਕਿਸਾਨੀ ਸੰਘਰਸ਼ ਉੱਤੇ ਅਧਾਰਤ ਨਾਟਕ ‘ਡਰਨਾ’ ਪੇਸ਼ ਕੀਤਾ ਗਿਆ।
ਲਾਪਤਾ ਪਾਵਨ ਸਰੂਪਾਂ ਦੀ ਜਾਂਚ ਲਈ ਦਸਤਖ਼ਤੀ ਮੁਹਿੰਮ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੇਲਾ ਮਾਘੀ ਤਖਤੂਪੁਰਾ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਲਈ ਆਰੰਭੀ ਗਈ ਦਸਤਖ਼ਤ ਮੁਹਿੰਮ ਦੇ ਦੂਜੇ ਦਿਨ ਤੱਕ ਪੈਂਤੀ ਹਜ਼ਾਰ ਵਿਅਕਤੀਆਂ ਨੇ ਦਸਤਖ਼ਤ ਕਰਕੇ ਪਾਵਨ ਸਰੂਪਾਂ ਦੇ ਲਾਪਤਾ ਹੋਣ ’ਤੇ ਰੋਸ ਜਤਾਇਆ। ਹਲਕਾ ਨਿਹਾਲ ਸਿੰਘ ਵਾਲਾ ਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਭੁਪਿੰਦਰ ਸਿੰਘ ਪ੍ਰਧਾਨ, ਬਲਵਿੰਦਰ ਸਿੰਘ ਧੂੜਕੋਟ ਤੇ ਰਜਿੰਦਰ ਸਿੰਘ ਨਿਹਾਲ ਸਿੰਘ ਵਾਲਾ ਸਣੇ ਹੋਰਨਾਂ ਨੇ ਦੱਸਿਆ ਕਿ ਅੱਜ ਦੂਜੇ ਦਿਨ ਵੀ ਸਵੇਰ ਤੋਂ ਸ਼ਾਮ ਤੱਕ ਮੇਲੇ ’ਤੇ ਆਏ ਲੋਕਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਿੱਚ ਦਸਤਖ਼ਤ ਕਰਨ ਵਿੱਚ ਲੜੀ ਨਹੀਂ ਟੁੱਟੀ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਕਾਰਜਕਾਰੀ ਮੈਂਬਰਾਂ ਸਣੇ ਹੋਰ ਕਸੂਰਵਾਰ ਮੈਂਬਰਾਂ ਖ਼ਿਲਾਫ਼ ਐੱਫ਼ਆਈਆਰ ਦਰਜ ਕੀਤੀ ਜਾਵੇ।