ਗੁਰਵਿੰਦਰ ਸਿੰਘ
ਰਾਮੁਪੁਰਾ ਫੂਲ, 14 ਜਨਵਰੀ
ਖੇਤੀ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਜਦੋਂ ਹਰ ਪਾਸੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਉਤਪਾਦਾਂ ਦਾ ਬਾਈਕਾਟ ਹੋਣ ਲੱਗਾ ਹੈ ਤਾਂ ਲੋਕਾਂ ਨੂੰ ਇਸ ਦਾ ਬਦਲ ਦੇਣ ਲਈ ਕਿਸਾਨਾਂ ਨੇ ਰਾਮਪੁਰਾ ਫੂਲ ਅੰਦਰ ਕਿਸਾਨ ਹੱਟ ਖੋਲ੍ਹਣ ਦੀਆਂ ਜ਼ੋਰਦਾਰ ਤਿਆਰੀਆਂ ਅਰੰਭ ਦਿੱਤੀਆਂ ਹਨ। ਪਿੰਡ ਰਾਮਪੁਰਾ ਦੇ ਦੋ ਉੱਦਮੀ ਪੋਸਟ ਗਰੈਜੂਏਟ ਕਿਸਾਨ ਨਵਦੀਪ ਬੱਲੀ ਤੇ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਖੇਤ ਅੰਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਸ਼ਾਂ ਅਨੁਸਾਰ ਹਲਦੀ ਦੀ ਖੇਤੀ ਕਰਨ ਦੇ ਨਾਲ ਨਾਲ ਹਲਦੀ ਤੇ ਮਿਰਚ ਪਾਊਡਰ, ਗਰਮ ਮਸਾਲਾ, ਚਾਹ ਮਸਾਲਾ, ਲੱਸੀ-ਸਲਾਦ ਮਸਾਲਾ, ਬੇਸਨ, ਸਬਜ਼ੀ ਵਾਲੇ ਮਲਵਈ ਪਕੌੜੇ, ਕੱਚੀ ਹਲਦੀ ਦਾ ਆਚਾਰ ਅਤੇ ਲਸਣ ਦਾ ਖੱਟਾ-ਮਿੱਠਾ ਅਚਾਰ ਬਣਾਉਂਦੇ ਆ ਰਹੇ ਹਨ, ਜਿਸ ਨੂੰ ਜ਼ੋਰਦਾਰ ਹੁੰਗਾਰਾ ਮਿਲ ਰਿਹਾ ਹੈ। ਨਵਦੀਪ ਬੱਲੀ ਨੇ ਦੱਸਿਆ ਕਿ ਉਹ ਫੂਡ ਪ੍ਰੋਸੈਸਿੰਗ ਅੰਦਰ ਡਿਗਰੀ ਹੋਲਡਰ ਤੇ ਐੱਮਬੀਏ ਪਾਸ ਤੇ ਉਸ ਦਾ ਸਹਿਯੋਗੀ ਗੁਰਸ਼ਰਨ ਸਿੰਘ ਸਿੱਧੂ ਲੁਧਿਆਣਾ ਯੂਨੀਵਰਸਿਟੀ ਦਾ ਖੇਤੀ ਇੰਜਨੀਅਰ ਹੈ। ਉਨ੍ਹਾਂ ਦੱਸਿਆ ਉਹ ਇਸ ਕਿਸਾਨ ਹੱਟ ਅੰਦਰ ਕਿਸਾਨਾਂ ਵੱਲੋਂ ਤਿਆਰ ਉਤਪਾਦ ਵੀ ਵੇਚਣਗੇ।