ਪਰਮਜੀਤ ਸਿੰਘ
ਫਾਜ਼ਿਲਕਾ, 2 ਅਪਰੈਲ
ਫਾਜ਼ਿਲਕਾ-ਮਲੋਟ ਰੋਡ ’ਤੇ ਸਥਿਤ ਸ਼ੈੱਲਰ ਨੇੜੇ ਅੱਜ ਟਰਾਂਸਫਾਰਮਰ ’ਤੇ ਬਿਜਲੀ ਠੀਕ ਕਰਦੇ ਸਮੇਂ ਕਰੰਟ ਲੱਗਣ ਕਾਰਨ ਅਸਿਸਟੈਂਟ ਲਾਈਨਮੈਨ ਦੀ ਮੌਤ ਹੋ ਗਈ। ਇਸ ਤੋਂ ਬਾਅਦ ਅਸਿਸਟੈਂਟ ਲਾਈਨਮੈਨ ਯੂਨੀਅਨ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਸਿਵਲ ਹਸਪਤਾਲ ਦੇ ਸਾਹਮਣੇ ਸੜਕ ’ਤੇ ਰੱਖ ਕੇ ਬਿਜਲੀ ਵਿਭਾਗ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ।
ਮ੍ਰਿਤਕ ਗੁਰਵਿੰਦਰ ਸਿੰਘ (31) ਵਾਸੀ ਮੁਹੱਲਾ ਧੋਬੀਘਾਟ ਫਾਜ਼ਿਲਕਾ ਦੇ ਪਿਤਾ ਮਾਨ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਬਿਜਲੀ ਵਿਭਾਗ ’ਚ ਅਸਿਸਟੈਂਟ ਲਾਇਨਮੈਨ ਸੀ। ਲਗਭਗ ਡੇਢ ਮਹੀਨਾ ਪਹਿਲਾਂ ਹੀ ਉਹ ਆਪਣੀ ਬਦਲੀ ਕਰਵਾ ਕੇ ਫਾਜ਼ਿਲਕਾ ’ਚ ਤਾਇਨਾਤ ਹੋਇਆ ਸੀ। ਅੱਜ ਸਵੇਰੇ ਲਗਭਗ 6 ਵਜੇ ਉਸ ਨੂੰ ਬਿਜਲੀ ਕਰਮਚਾਰੀ ਦਾ ਫੋਨ ਆਇਆ ਜਿਸ ਨੇ ਉਸ ਨੂੰ ਮਲੋਟ ਰੋਡ ’ਤੇ ਸਥਿਤ ਸ਼ੈੱਲਰ ਨੇੜੇ ਬਿਜਲੀ ਸਪਲਾਈ ’ਚ ਨੁਕਸ ਦੱਸ ਕੇ ਆਉਣ ਲਈ ਕਿਹਾ। ਜਦੋਂ ਉਹ ਉੱਥੇ ਗਿਆ ਤਾਂ ਬਿਜਲੀ ਕਰਮਚਾਰੀਆਂ ਨੇ ਉਸ ਨੂੰ ਟਰਾਂਸਫਾਰਮਰ ’ਤੇ ਲਾਇਟ ਠੀਕ ਕਰਨ ਲਈ ਚੜ੍ਹਾ ਦਿੱਤਾ ਜਿਸ ਕਾਰਨ ਉਸ ਨੂੰ ਕਰੰਟ ਲੱਗ ਗਿਆ ਅਤੇ ਉਹ ਝੁਲਸ ਗਿਆ ਤੇ ਉੱਥੇ ਪਿਆ ਰਿਹਾ।
ਉਨ੍ਹਾਂ ਕਿਹਾ ਕਿ ਜੇਕਰ ਉਸ ਦੇ ਜ਼ਖ਼ਮੀ ਪੁੱਤਰ ਨੂੰ ਇਲਾਜ ਲਈ ਸਮੇਂ ਸਿਰ ਹਸਪਤਾਲ ਲੈ ਜਾਇਆ ਜਾਂਦਾ ਤਾਂ ਸ਼ਾਇਦ ਉਹ ਬਚ ਜਾਂਦਾ।
ਇਸ ਮੌਕੇ ਰੋਸ ਪ੍ਰਦਰਸ਼ਨ ਕਰਦਿਆਂ ਅਸਿਸਟੈਂਟ ਲਾਇਨਮੈਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਰਾਜ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਫੀਡਰ ’ਚ ਖਰਾਬੀ ਸੀ, ਜਿਸ ਕਾਰਨ ਸਬੰਧਤ ਜੇ.ਈ. ਨੇ ਗੁਰਵਿੰਦਰ ਸਿੰਘ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਹ ਉਕਤ ਥਾਂ ’ਤੇ ਜਾ ਕੇ ਦੇਖੇ ਕਿ ਖਰਾਬੀ ਕਿੱਥੇ ਹੈ। ਇਸ ’ਤੇ ਗੁਰਵਿੰਦਰ ਸਿੰਘ ਨੇ ਜੀ.ਈ. ਨੂੰ ਦੱਸਿਆ ਕਿ ਜੈਂਪਰ ਉੱਡਿਆ ਹੋਇਆ ਹੈ ਜਿਸ ’ਤੇ ਜੇ.ਈ. ਨੇ ਪਰਮਿਟ ਕਟਵਾ ਕੇ ਉਸ ਨੂੰ ਲਾਇਨ ’ਤੇ ਚੜ੍ਹਾਇਆ। ਉਸ ਨੇ ਦੱਸਿਆ ਕਿ ਉਕਤ ਥਾਂ ’ਤੇ ਗੁਰਵਿੰਦਰ ਸਿੰਘ ਇਕੱਲਾ ਸੀ ਅਤੇ ਉਹ ਡਿੱਗ ਗਿਆ ਤੇ ਜ਼ਖ਼ਮੀ ਹੋ ਗਿਆ। ਉਸ ਨੇ ਦੱਸਿਆ ਕਿ ਘਟਨਾ ਵਾਲੀ ਥਾਂ ’ਤੇ ਕਿਸੇ ਦੇ ਨਾ ਹੋਣ ਕਾਰਨ ਉਕਤ ਕਰਮਚਾਰੀ ਇਕੱਲਾ ਹੀ ਪਿਆ ਰਿਹਾ ਅਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ਼ ਦੁਆਇਆ ਜਾਵੇ, ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ, ਕੋਵਿਡ-19 ਦੇ ਤਹਿਤ ਸਰਕਾਰ ਦੀਆਂ ਜੋ ਹਦਾਇਤਾਂ ਹਨ ਉਸ ਦੇ ਮੁਤਾਬਕ 50 ਲੱਖ ਰੁਪਏ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਦੀ ਦੇਹ ਸਥਾਨਕ ਸਿਵਲ ਹਸਪਤਾਲ ਦੇ ਪੋਸਟ ਮਾਰਟਮ ਰੂਮ ’ਚ ਰੱਖੀ ਹੋਈ ਸੀ ਅਤੇ ਪੁਲੀਸ ਕਾਰਵਾਈ ਕਰ ਰਹੀ ਸੀ।