ਨਿੱਜੀ ਪੱਤਰ ਪ੍ਰੇਰਕ
ਮੋਗਾ, 18 ਮਈ
ਥਾਣਾ ਧਰਮਕੋਟ ਪੁਲੀਸ ਨੇ ਮੋਗਾ ਨਗਰ ਨਿਗਮ ਕਮਿਸ਼ਨਰ ਦੀ ਸ਼ਿਕਾਇਤ ਉੱਤੇ ਧਰਮਕੋਟ ਨਗਰ ਕੌਂਸਲ ਪ੍ਰਧਾਨ ਖ਼ਿਲਾਫ਼ ਮੋਬਾਈਲ ਟੁਆਇਲਟਸ (ਪਖਾਨੇ) ਨੂੰ ਅਣਅਧਿਕਾਰਤ ਤੌਰ ਉੱਤੇ ਆਪਣੇ ਸ਼ੈਲਰ ਵਿੱਚ ਰੱਖਣ ਉੱਤੇ ਸਰਕਾਰੀ ਸਾਮਾਨ ਦੀ ਚੋਰੀ ਦੀ ਕੋਸ਼ਿਸ਼ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਦੂਜੇ ਪਾਸੇ ਕਾਂਗਰਸ ਆਗੂ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਪੁਲੀਸ ਉੱਤੇ ਸਿਆਸੀ ਦਬਾਅ ਹੇਠ ਝੂਠੀ ਕਾਰਵਾਈ ਦਾ ਦੋਸ਼ ਲਾਇਆ ਹੈ। ਐੱਫ਼ਆਈਆਰ ਮੁਤਾਬਕ ਨਗਰ ਨਿਗਮ ਕਮਿਸ਼ਨਰ ਵੱਲੋਂ ਡੀਐੱਸਪੀ ਧਰਮਕੋਟ ਨੂੰ 7 ਮਾਰਚ 2022 ਨੂੰ ਪੱਤਰ ਲਿਖਿਆ ਸੀ ਕਿ ਬੀਤੇ ਵਰ੍ਹੇ ਦੀ 29 ਦਸੰਬਰ ਨੂੰ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਧਰਮਕੋਟ ਫੇਰੀ ਦੌਰਾਨ 6 ਸੀਟਰ ਦੋ ਮੋਬਾਈਲ ਟੁਆਇਲਟਸ (ਪਖਾਣੇ )ਐੱਸਡੀਐੱਮ ਧਰਮਕੋਟ ਨੂੰ ਭੇਜੇ ਸਨ। ਰੈਲੀ ਉਪਰੰਤ ਇੱਕ ਮੋਬਾਈਲ ਟੁਆਇਲਟਸ ਵਾਪਸ ਭੇਜ ਦਿੱਤਾ ਗਿਆ ਸੀ ਅਤੇ ਇੱਕ ਗੁੰਮ ਹੋ ਗਿਆ ਸੀ। ਹੁਣ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਸੂਚਨਾ ਅਨੁਸਾਰ ਗੁੰਮ ਹੋਇਆ ਮੋਬਾਈਲ ਟੁਆਇਲਟਸ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਦੇ ਜਲੰਧਰ ਬਾਈਪਾਸ ਨੇੜੇ ਸ਼ੈਲਰ ਕੋਲੋਂ ਮਿਲੀ ਹੈ। ਕਮਿਸ਼ਨਰ ਦੇ ਪੱਤਰ ’ਤੇ ਧਰਮਕੋਟ ਪੁਲੀਸ ਨੇ ਕਰੀਬ ਸਵਾ ਦੋ ਮਹੀਨੇ ਬਾਅਦ ਕਾਰਵਾਈ ਕੀਤੀ ਹੈ।
ਦੂਜੇ ਪਾਸੇ ਕਾਂਗਰਸ ਆਗੂ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਕਿਹਾ ਕਿ ਦਰਅਸਲ ਹਾਕਮ ਧਿਰ ਉਨ੍ਹਾਂ ਦੀ ਨਗਰ ਕੌਂਸਲ ਪ੍ਰਧਾਨਗੀ ਖੋਹਣ ਲਈ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਸ ਖ਼ਿਲਾਫ਼ ਲਿਆਂਦਾ ਬੇਭਰੋਸਗੀ ਦਾ ਮਤਾ ਰੱਦ ਹੋਣ ਮਗਰੋਂ ਹਾਕਮ ਧਿਰ ਨਾਲ ਜੁੜੇ ਕੌਂਸਲਰ ਤੇ ਹੋਰ ਆਹੁਦੇਦਾਰ ਆਮ ਅਜਲਾਸ ਕਰਨਾ ਚਾਹੁੰਦੇ ਹਨ ਪਰ ਕਾਨੂੰਨ ਮੁਤਾਬਕ ਅਜਲਾਸ ਸੱਦਣ ਦਾ ਪ੍ਰਧਾਨ ਕੋਲ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਮੋਬਾਈਲ ਟੁਆਇਲਟਸ ਕੌਂਸਲ ਦਫ਼ਤਰ ਵਿੱਚ ਜਗ੍ਹਾ ਨਾ ਹੋਣ ਕਾਰਨ ਅਧਿਕਾਰੀਆਂ ਨੇ ਉਸਦੀ ਚੌਲ ਮਿੱਲ ’ਚ ਰਖਵਾ ਦਿੱਤੀ ਸੀ। ਉਹ ਖੁਦ ਅਧਿਕਾਰੀਆਂ ਨੂੰ ਇਹ ਟੁਆਇਲਟਸ ਲਿਜਾਣ ਲਈ ਆਖਦੇ ਰਹੇ। ਉਨ੍ਹਾਂ ਸਾਜਿਸ਼ ਤੇ ਸਿਆਸੀ ਰੰਜਿਸ ਤਹਿਤ ਝੂਠਾ ਕੇਸ ਦਰਜ ਕਰਨ ਦਾ ਦੋਸ਼ ਲਾਇਆ।