ਪੱਤਰ ਪੇ੍ਰਕ
ਫਾਜ਼ਿਲਕਾ, 5 ਨਵੰਬਰ
ਜ਼ਿਲ੍ਹੇ ਦੀ ਪੁਲੀਸ ਨੇ ਸੂਰਜ ਨਾਥ ਵਾਸੀ ਪਿੰਡ ਟੀਲਾਂ ਵਾਲੀ ਦੇ ਕਤਲ ਕੇਸ ਦੀ ਗੁੱਥੀ ਨੂੰ ਤਕਨੀਕੀ ਢੰਗ ਨਾਲ 72 ਘੰਟਿਆਂ ਵਿਚ ਸੁਲਝਾ ਲਿਆ ਹੈ ਅਤੇ 4 ਨਵੰਬਰ ਨੂੰ ਸੂਰਜ ਨਾਥ ਦੇ ਕਾਤਲ ਸੁਨੀਲ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਸੀਤੋ ਗੁੰਨੋ ਜ਼ਿਲ੍ਹਾ ਫਾਜ਼ਿਲਕਾ ਨੂੰ ਟਰੇਸ ਕਰਕੇ ਸੀਤੋ-ਡੱਬਵਾਲੀ ਰੋਡ ’ਤੇ ਭਗਵਾਨ ਸ਼ਿਵ ਦੇ ਡੇਰੇ ਤੋਂ ਗ੍ਰਿਫਤਾਰ ਕਰ ਲਿਆ ਹੈ।
ਫਾਜ਼ਿਲਕਾ ਦੇ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ, ਜਸਬੀਰ ਸਿੰਘ ਪੰਨੂੰ, ਡੀ.ਐਸ.ਪੀ (ਡੀ) ਨੇ ਦੱਸਿਆ ਕਿ ਮ੍ਰਿਤਕ ਸੂਰਜ ਨਾਥ ਪੁੱਤਰ ਸ਼੍ਰੀਰਾਮ ਵਾਸੀ ਪਿੰਡ ਟੀਲਾਂ ਵਾਲੀ ਪਿੰਡ ਵਿਚ ਹੀ ਬਣੇ ਸ਼ਿਵ ਸ਼ੰਕਰ ਦੇ ਡੇਰੇ ’ਤੇ ਪਿਛਲੇ ਕਈ ਸਾਲਾਂ ਤੋ ਸੇਵਾ ਕਰਦਾ ਆ ਰਿਹਾ ਸੀ ਜਿਸ ਨੂੰ ਕਿਸੇ ਅਣਪਛਾਤੇ ਕਾਤਲ ਵੱਲੋਂ 30-31 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਉਸ ਦੇ ਡੇਰੇ ਵਿਚ ਹੀ ਉਸ ਦੇ ਸਿਰ ’ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਗੰਭੀਰ ਸੱਟਾਂ ਮਾਰੀਆਂ। ਸੂਰਜ ਨਾਥ ਦੀ ਜੇਬ ਵਿਚੋਂ ਉਸ ਦਾ ਮੋਬਾਈਲ ਫੋਨ ਅਤੇ ਕਰੀਬ ਤਿੰਨ ਹਜ਼ਾਰ ਰੁਪਏ ਕੱਢ ਕੇ ਲੈ ਗਿਆ। ਸੂਰਜ ਨਾਥ ਨੂੰ ਇਲਾਜ ਲਈ ਸਿਵਲ ਹਸਪਤਾਲ ਫਾਜ਼ਿਲਕਾ ਦਾਖਲ ਕਰਵਾਇਆ ਸੀ ਅਤੇ ਬਾਅਦ ਵਿਚ ਉਸ ਦੀ ਸ਼੍ਰੀਰਾਮ ਨਿਊਰੋ ਹਸਪਤਾਲ ਸ੍ਰੀ ਗੰਗਾਨਗਰ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ।
ਇਸ ਕਤਲ ਸਬੰਧੀ ਮ੍ਰਿਤਕ ਦੇ ਭਤੀਜੇ ਮੰਗਤ ਸਿੰਘ ਦੇ ਬਿਆਨ ’ਤੇ ਥਾਣਾ ਖੂਈ ਖੇੜ੍ਹਾ ਵਿੱਚ ਕੇਸ ਦਰਜ ਕਰ ਗਿਆ ਸੀ। ਮੁਕੱਦਮੇ ਦੀ ਤਫਤੀਸ਼ ਦੌਰਾਨ ਤਕਨੀਕੀ ਢੰਗ ਨਾਲ ਸੁਨੀਲ ਕੁਮਾਰ ਨੂੰ ਟ੍ਰੇਸ ਕੀਤਾ ਗਿਆ ਅਤੇ ਉਸ ਪਾਸੋਂ ਮ੍ਰਿਤਕ ਸੂਰਜ ਨਾਥ ਦਾ ਮੋਬਾਈਲ ਅਤੇ ਨਕਦੀ ਬਰਾਮਦ ਕੀਤੀ ਗਈ।
ਪੁਲੀਸ ਵੱਲੋਂ ਕੀਤੀ ਗਈ ਮੁੱਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸੁਨੀਲ ਕੁਮਾਰ ਪਹਿਲਾਂ ਵੀ ਸੂਰਜ ਨਾਥ ਦੇ ਸ਼ਿਵ ਸ਼ੰਕਰ ਦੇ ਡੇਰੇ ’ਤੇ ਆਉਂਦਾ ਜਾਂਦਾ ਸੀ ਅਤੇ 30 ਅਕਤੂਬਰ ਦੀ ਰਾਤ ਨੂੰ ਵੀ ਸੂਰਜ ਨਾਥ ਦੇ ਡੇਰੇ ’ਤੇ ਆਇਆ, ਜਿਸ ਨੇ ਪੈਸਿਆਂ ਖਾਤਰ ਲਾਲਚ ਵਿਚ ਆ ਕੇ ਸੂਰਜ ਨਾਥ ਦੇ ਸਿਰ ਵਿਚ ਕੁਹਾੜੀ ਨਾਲ ਸੱਟਾਂ ਮਾਰੀਆਂ, ਜਿਸ ਦੀ ਬਾਅਦ ਵਿਚ ਮੌਤ ਹੋ ਗਈ।
ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਤੋਂ ਬਾਅਦ ਮੁਕੱਦਮੇ ਸਬੰਧੀ ਹੋਰ ਵੀ ਤੱਥਾਂ ਨੂੰ ਸਾਹਮਣੇ ਲਿਆਂਦਾ ਜਾਵੇਗਾ।