ਜਸਵੰਤ ਜੱਸ
ਫ਼ਰੀਦਕੋਟ, 2 ਅਪਰੈਲ
ਫ਼ਰੀਦਕੋਟ ਪੁਲੀਸ ਨੇ ਮਾਸਕ ਪਾ ਕੇ ਨਾ ਚੱਲਣ ਵਾਲੇ ਆਮ ਨਾਗਰਿਕਾਂ ਤੋਂ ਚਲਾਨ ਕਰਕੇ ਜੁਰਮਾਨੇ ਵਜੋਂ ਇੱਕ ਕਰੋੜ ਰੁਪਏ ਵਸੂਲੇ ਹਨ। ਹਾਲਾਂਕਿ ਆਮ ਲੋਕਾਂ ਨੂੰ ਜੁਰਮਾਨੇ ਕਰਨ ਵਾਲੀ ਪੁਲੀਸ ਖੁਦ ਮਾਸਕ ਪਹਿਨਣ ਤੋਂ ਪ੍ਰਹੇਜ ਕਰ ਰਹੀ ਹੈ। ਜੁਰਮਾਨੇ ਦੀ ਇਕੱਠੀ ਕੀਤੀ ਗਈ ਰਕਮ ਸਿਹਤ ਵਿਭਾਗ ਦੇ ਖਾਤੇ ਵਿੱਚ ਜਾਣੀ ਹੈ। ਪੁਲੀਸ ਨੇ ਜ਼ਿਲ੍ਹੇ ਭਰ ਵਿੱਚ ਲਾਏ ਨਾਕਿਆਂ ਦੌਰਾਨ 16075 ਵਿਅਕਤੀਆਂ ਦੇ ਚਲਾਨ ਕੀਤੇ ਹਨ। ਟਰੈਫਿਕ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਹੋਏ ਚਲਾਨ ਇਸ ਤੋਂ ਅਲੱਗ ਹਨ।
ਸਿਵਲ ਸਰਜਨ ਡਾ. ਸੰਜੇ ਕਪੂਰ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਮਾਸਕ ਲਾਉਣਾ ਬਹੁਤ ਜ਼ਰੂਰੀ ਹੈ। ਇਸ ਸਬੰਧੀ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਲੋੜੀਂਦਾ ਪ੍ਰਚਾਰ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹੇ ਭਰ ਵਿੱਚ ਚਲਾਨ ਕੀਤੇ ਗਏ ਹਨ ਅਤੇ ਜੁਰਮਾਨੇ ਦੀ ਰਕਮ ਵੀ ਲੋਕ ਹਿੱਤਾਂ ਲਈ ਹੀ ਵਰਤੀ ਜਾਣੀ ਹੈ। ਫਰੀਦਕੋਟ ਜਿਲ੍ਹੇ ਵਿੱਚ ਇਸ ਤੋਂ ਪਹਿਲਾਂ ਕਦੇ ਵੀ ਇੰਨੀ ਵੱਡੀ ਤੇ ਜੁਰਮਾਨੇ ਦੀ ਵਸੂਲੀ ਨਹੀਂ ਹੋਈ।
ਬਾਰ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਗੁਰਤਾਜ ਸਿੰਘ ਸੰਧੂ ਨੇ ਕਿਹਾ ਕਿ ਪੁਲੀਸ ਮਾਸਕ ਨਾ ਪਾਉਣ ਵਾਲਿਆਂ ਦੇ ਵੱਡੇ ਪੱਧਰ ’ਤੇ ਚਲਾਨ ਕਰ ਰਹੀ ਹੈ ਪਰ ਖੁਦ ਸਿਹਤ ਵਿਭਾਗ ਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਸੀ.ਆਈ.ਏ ਸਟਾਫ ਦੀ ਟੀਮ ਜਨਤਕ ਥਾਂਵਾਂ ’ਤੇ ਬਿਨਾਂ ਮਾਸਕ ਤੋਂ ਘੁੰਮਦੀ ਦੇਖੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਨੂੰ ਸਜਾ ਦੇਣ ਦੀ ਥਾਂ ਉਨ੍ਹਾਂ ਨੂੰ ਜਾਗਰੂਕ ਕੀਤਾ ਜਾਵੇ।
ਜ਼ਿਲ੍ਹਾ ਪੁਲੀਸ ਮੁਖੀ ਸਵਰਨਦੀਪ ਸਿੰਘ ਨੇ ਕਿਹਾ ਕਿ ਪੁਲੀਸ ਵਿਭਾਗ ਦੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮਾਸਕ ਪਹਿਨਣ ਅਤੇ ਸੈਨੇਟਾਈਜ਼ਰ ਵਰਤਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ ਅਤੇ ਇਹਨਾਂ ਹਦਾਇਤਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ।