ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 10 ਸਤੰਬਰ
ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਵਿਚ ਪਿਛਲੇ ਦਿਨੀਂ ਦੋ ਸਕੇ ਭਰਾਵਾਂ ਦੀ ਨਸ਼ੇ ਨਾਲ ਹੋਈ ਮੌਤ ਦੇ ਮਾਮਲੇ ਵਿੱਚ ਲੋਕ-ਪੱਖੀ ਜਥੇਬੰਦੀਆਂ ਅਤੇ ਨਸ਼ਾ ਵਿਰੋਧੀ ਮੰਚ ਵੱਲੋਂ 4 ਸਤੰਬਰ ਨੂੰ ਮਹਿਰਾਜ ਵਿਚ ਨਸ਼ਾ ਵਿਰੋਧੀ ਰੈਲੀ ਮਗਰੋਂ ਪੁਲੀਸ ਹਰਕਤ ਵਿਚ ਆ ਗਈ ਹੈ। ਰੈਲੀ ’ਚ ਆਗੂਆਂ ਨੇ ਨਸ਼ੇ ਦੀ ਵਿਕਰੀ ’ਤੇ ਪੁਲੀਸ ਨੂੰ ਘੇਰਿਆ ਸੀ। ਇਸ ਸਬੰਧੀ ਐੱਸਟੀਐੱਫ ਦੇ ਏਆਈਜੀ ਹਰਪ੍ਰੀਤ ਸਿੰਘ ਨੇ ਪੀੜਤ ਪਰਿਵਾਰ ਨਾਲ 7 ਸਤੰਬਰ ਨੂੰ ਮੁਲਾਕਾਤ ਕੀਤੀ ਸੀ ਅਤੇ ਇਸ ਤੋਂ ਬਾਅਦ ਜ਼ਿਲ੍ਹਾ ਪੁਲੀਸ ਵੱਲੋਂ ਨਗਰ ਪੰਚਾਇਤ ਮਹਿਰਾਜ ਦੇ ਸਹਿਯੋਗ ਨਾਲ ਇੱਕ ਮੀਟਿੰਗ ਰੱਖੀ ਗਈ ਸੀ, ਜਿਸ ਵਿੱਚ ਜਸਕਰਨ ਸਿੰਘ ਆਈਜੀ ਬਠਿੰਡਾ ਰੇਂਜ, ਅਜੈ ਮਲੂਜਾ ਐੱਸਐੱਸਪੀ ਬਠਿੰਡਾ ਤੇ ਡੀਐੱਸਪੀ ਫੂਲ ਬਿਕਰਮਜੀਤ ਸਿੰਘ ਚੌਹਾਨ ਅਤੇ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਹਾਜ਼ਰ ਸਨ। ਆਈਜੀ ਨੇ ਦੱਸਿਆ ਕਿ ਪੁਲੀਸ ਦਾ ਪਹਿਲਾ ਕੰਮ ਨਸ਼ੇ ਦੀ ਸਪਲਾਈ ਦੀ ਚੇਨ ਤੋੜਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਵੱਲੋਂ ਜੋ ਵੀ ਪ੍ਰਾਪਰਟੀ ਬਣਾਈ ਗਈ ਹੈ ਉਹ ਜ਼ਬਤ ਕੀਤੀ ਜਾਵੇਗੀ। ਐੱਸਐੱਸਪੀ ਬਠਿੰਡਾ ਵੱਲੋਂ ਇੱਕ ਹੈਲਪ ਲਾਈਨ ਨੰਬਰ 75080-18218 ਵੀ ਦਿੱਤਾ ਗਿਆ ਅਤੇ ਇਤਲਾਹ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।