ਨਿੱਜੀ ਪੱਤਰ ਪ੍ਰੇਰਕ
ਮੋਗਾ, 15 ਮਈ
‘ਮਸ਼ਾਲਾਂ ਬਾਲ ਕੇ ਚੱਲਣਾ, ਜਦੋਂ ਤਕ ਰਾਤ ਬਾਕੀ ਹੈ’। ਕਰੀਬ ਪੰਜ ਦਹਾਕੇ ਲਗਾਤਾਰ ਬੁਲੰਦ ਆਵਾਜ਼ ਰਾਹੀਂ ਲੋਕਾਂ ਦੇ ਦੁੱਖਾਂ ਦਰਦਾਂ ਦੀ ਬਾਤ ਪਾਉਣ ਵਾਲਾ ਲੋਕ ਪੱਖੀ ਸ਼ਾਇਰ ਮਹਿੰਦਰ ਸਾਥੀ ਗੁਰਦੇਵ ਹਸਪਤਾਲ ਨੂਰਪੁਰ ਬੇਦੀ (ਰੂਪਨਗਰ) ਦੇ ਆਈਸੀਯੂ ਵਿੱਚ ਕਰੋਨਾ ਨਾਲ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ। ਲੋਕ ਸਾਹਿਤ ਅਕਾਦਮੀ ਸਰਪ੍ਰਸਤ ਕਹਾਣੀਕਾਰੀ ਗੁਰਮੀਤ ਕੜਿਆਲਵੀ ਤੇ ਹੋਰਾਂ ਨੇ ਮਹਿੰਦਰ ਸਾਥੀ ਦੀ ਸਿਹਤਯਾਬ ਲਈ ਦੁਆਵਾਂ ਕਰਦੇ ਦੱਸਿਆ ਕਿ ਹਾਲਤ ਚਿੰਤਾਜਨਕ ਹੈ, ਸਾਥੀ ਦੀ ਸਿਹਤ ਅਚਾਨਕ ਖ਼ਰਾਬ ਹੋਣ ਕਰਕੇ ਸਾਹਿਤਕ ਪ੍ਰੇਮੀ ਸੰਦੀਪ ਦਾਖਾ ਉਨ੍ਹਾਂ ਨੂੰ ਇਲਾਜ ਲਈ ਲੈ ਗਏ ਸਨ ਅਤੇ ਉਹ ਗੁਰਦੇਵ ਹਸਪਤਾਲ ਨੂਰਪੁਰ ਬੇਦੀ (ਰੂਪਨਗਰ) ਵਿੱਚ ਆਈਸੀਯੂ ਵਿੱਚ ਦਾਖਲ ਹਨ। ਡਾਕਟਰਾਂ ਮੁਤਾਬਕ ਕਰੋਨਾ ਕਾਰਨ ਫੇਫੜਿਆਂ ’ਤੇ ਕਾਫ਼ੀ ਅਸਰ ਹੈ। ਉਨ੍ਹਾਂ ਕਿਹਾ ਕਿ ਮਕਬੂਲ ਗ਼ਜ਼ਲ ਲਿਖਣ ਵਾਲਾ ਮਹਿੰਦਰ ਸਾਥੀ ਪੰਜਾਬੀ ਦੇ ਉਨ੍ਹਾਂ ਜਾਣੇ-ਪਛਾਣੇ ਗ਼ਜ਼ਲਗੋਆਂ ਵਿੱਚੋਂ ਇੱਕ ਹੈ। ਸਾਥੀ ਹਾਸ਼ੀਏ ਤੋਂ ਧੱਕੇ ਗਏ ਲੋਕਾਂ ਦਾ ਲੇਖਕ ਹੋਣ ਕਰਕੇ ਉਨ੍ਹਾਂ ਸਾਰੀ ਉਮਰ ਸਰਕਾਰੀ ਇਨਾਮਾਂ ਸਨਮਾਨਾਂ ਦੀ ਝਾਕ ਨਹੀਂ ਰੱਖੀ ਤੇ ਹਮੇਸ਼ਾ ਗਰੀਬ ਲੋਕਾਂ ਨਾਲ ਖੜੇ ਹੋਣ ਨੂੰ ਪਹਿਲ ਦਿੱਤੀ ਹੈ।