ਪੱਤਰ ਪ੍ਰੇਰਕ
ਮਾਨਸਾ, 29 ਦਸੰਬਰ
ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵਲੋਂ ਇੱਥੋਂ ਦੇ ਪੈਨਸ਼ਨਰਜ਼ ਭਵਨ ਵਿੱਚ ਲੇਖਕਾਂ ਨਾਲ ਰੂ-ਬ-ਰੂ ਦੀ ਲੜੀ ’ਚ ਸ਼ਾਇਰ ਬਲਵੰਤ ਭਾਟੀਆ ਨਾਲ ਸੰਵਾਦ ਰਚਾਇਆ ਗਿਆ। ਪ੍ਰਧਾਨਗੀ ਸੇਵਾਮੁਕਤ ਪ੍ਰਿੰਸੀਪਲ ਦਰਸ਼ਨ ਸਿੰਘ ਨੇ ਕੀਤੀ, ਜਦੋਂ ਕਿ ਮੁੱਖ ਮਹਿਮਾਨ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਸਨ। ਸਮਾਗਮ ਦੇ ਕਨਵੀਨਰ ਸ਼ਾਇਰ ਗੁਰਪ੍ਰੀਤ ਨੇ ਸ਼ਾਇਰ ਬਾਰੇ ਸੰਖੇਪ ਜਾਣਕਾਰੀ ਦਿੱਤੀ। ਹਾਜ਼ਰ ਲੇਖਕਾਂ ਤੇ ਪਾਠਕਾਂ ਦੇ ਰੂ-ਬ-ਰੂ ਹੁੰਦਿਆਂ ਸ਼ਾਇਰ ਭਾਟੀਆ ਨੇ ਕਿਹਾ ਕਿ ਭਾਰਤੀ ਇਤਿਹਾਸ ਤੇ ਮਿਥਿਆਸ ਅੰਦਰ ਪਣਪ ਰਹੀਆਂ ਰੂੜੀਵਾਦੀ ਪ੍ਰਵਿਰਤੀਆਂ ਹਮੇਸ਼ਾ ਹੀ ਉਸ ਦੇ ਕਾਵਿ-ਸੰਸਾਰ ਦੇ ਨਿਸ਼ਾਨੇ ’ਤੇ ਰਹੀਆਂ ਹਨ। ਇਸ ਲਈ ਉਹ ਨਾਇਕ ਹੋਣ ਦੇ ਬਾਵਜੂਦ ਖਲਨਾਇਕ ਸਾਬਤ ਕੀਤੇ ਪਾਤਰਾਂ ਨੂੰ ਇਨਸਾਫ਼ ਦਿਵਾਉਣ ਦੇ ਆਹਰ ਵਿਚ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਉਸ ਦੀਆਂ ਕਵਿਤਾ ਜੇਬ੍ਹ ਵਿਚ ਇਨਕਲਾਬ ਲੈ ਕੇ ਨਹੀਂ ਘੁੰਮਦੀਆਂ, ਸਗੋਂ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਲੋਹਾ ਲੈਣ ਦੀ ਜੁਅਰਤ ਕਰਦੀਆਂ ਹਨ। ਉਨ੍ਹਾਂ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਦਾ ਪਾਠ ਵੀ ਕੀਤਾ। ਰੂ-ਬਰੂ ਦੌਰਾਨ ਹਾਜ਼ਰ ਪਾਠਕਾਂ ਵਲੋਂ ਲੇਖਕ ਨੂੰ ਬਹੁਤ ਸਾਰੇ ਸਵਾਲ ਕੀਤੇ ਗਏ, ਜਿਨ੍ਹਾਂ ਦਾ ਉੱਤਰ ਉਨ੍ਹਾਂ ਕਾਵਿਮਈ ਲਹਿਜ਼ੇ ਵਿਚ ਦਿੱਤਾ। ਇਸ ਮੌਕੇ ਕਹਾਣੀਕਾਰ ਜਸਵੀਰ ਢੰਡ, ਦਰਸ਼ਨ ਜੋਗਾ, ਡਾ. ਗੁਰਮੇਲ ਕੌਰ, ਗੁਰਚੇਤ ਸਿੰਘ ਫੱਤੇਵਾਲੀਆ, ਗੁਰਚਰਨ ਸਿੰਘ, ਗੁਰਚਰਨ ਸਿੰਘ ਝੰਡੂਕੇ ਤੇ ਡਾ. ਸੰਦੀਪ ਭੰਮੇ ਨੇ ਵੀ ਸੰਬੋਧਨ ਕੀਤਾ।