ਜੋਗਿੰਦਰ ਸਿੰਘ ਮਾਨ
ਮਾਨਸਾ, 6 ਅਕਤੂਬਰ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਮਜ਼ਦੂਰਾਂ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮਾਨਸਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਤੋਂ 5-5 ਮਰਲੇ ਪਲਾਂਟ ਦੇਣ ਲਈ ਰੱਖੀਆਂ ਬੇਲੋੜੀਆਂ ਸ਼ਰਤਾਂ ਖ਼ਤਮ ਕਰਨ ਅਤੇ ਗੁਲਾਬੀ ਸੁੰਡੀ ਕਾਰਨ ਮਰੇ ਨਰਮੇ ਦਾ ਮੁਆਵਜ਼ਾ ਪ੍ਰਤੀ ਮਜ਼ਦੂਰ ਪਰਿਵਾਰ 30 ਹਜ਼ਾਰ ਰੁਪਏ ਦੇਣ ਦੀ ਮੰਗ ਕੀਤੀ।
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਹਰ ਬੇਜ਼ਮੀਨੇ ਪਰਿਵਾਰ ਨੂੰ ਬਿਨਾਂ ਸਿਆਸੀ ਵਿਤਕਰੇ ਰਿਹਾਇਸ਼ੀ ਪਲਾਂਟ ਅਤੇ ਘਰ ਬਣਾਉਣ ਲਈ 5 ਲੱਖ ਦੀ ਗ੍ਰਾਂਟ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ 2009 ਵਿੱਚ ਮਾਲਵੇ ਅੰਦਰ ਉੱਠੇ ਪਲਾਂਟ ਪ੍ਰਾਪਤੀ ਮਜ਼ਦੂਰ ਅੰਦੋਲਨ ਅਤੇ 7 ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਸੰਘਰਸ਼ ਦੀ ਬਦੌਲਤ ਭਾਵੇਂ ਪੰਜਾਬ ਦੀ ਚੰਨੀ ਸਰਕਾਰ ਨੇ ਪੰਜ-ਪੰਜ ਮਰਲੇ ਪਲਾਂਟ ਜਾਰੀ ਕਰਨ ਦੀ ਕਾਰਵਾਈ ਤਾਂ ਸ਼ੁਰੂ ਕਰ ਦਿੱਤੀ ਹੈ, ਪਰ ਬੇਲੋੜੀਆਂ ਸ਼ਰਤਾਂ ਰੱਖਕੇ ਅਸਲ ਲੋੜਵੰਦਾਂ ਨੂੰ ਪਲਾਂਟ ਪ੍ਰਾਪਤੀ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਚਾਇਤਾਂ ਤੇ ਅਫ਼ਸਰਸ਼ਾਹੀ ਨੇ ਅਸਲ ਹੱਕਦਾਰਾਂ ਪਲਾਂਟ ਦੇਣ ਸਮੇਂ ਵਿੱਚ ਅਸਲ ਹੱਕਦਾਰਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂ ਚੰਨੀ ਸਰਕਾਰ ਮਜ਼ਦੂਰਾਂ ਦੇ ਤਿੱਖੇ ਰੋਸ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਮੌਕੇ ਨਿੱਕਾ ਸਿੰਘ ਬਹਾਦੁਰਪੁਰ, ਵਿਜੈ ਕੁਮਾਰ ਭੀਖੀ, ਜਰਨੈਲ ਮਾਨਸਾ, ਜੀਤ ਸਿੰਘ ਬੋਹਾ, ਸੁਖਵਿੰਦਰ ਬੋਹਾ ਤੇ ਹੋਰ ਹਾਜ਼ਰ ਸਨ।