ਪੱਤਰ ਪ੍ਰੇਰਕ
ਮਾਨਸਾ, 18 ਜੂਨ
ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ/ਵਿਕਾਸ) ਟੀ.ਬੈਨਿਥ ਨੇ ਮਾਨਸਾ ਨੇੜਲੇ ਪਿੰਡ ਫਫੜੇ ਭਾਈਕੇ ਵਿੱਚ ਖੁਦ ਪੌਦੇ ਲਗਾ ਕੇ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਵਾਤਾਵਰਨ ਸਿਰਜਣ ਲਈ ਆਲੇ-ਦੁਆਲੇ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੁਨੇਹਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮਾਨਸਾ ਨੂੰ ਹਰਿਆ ਭਰਿਆ ਅਤੇ ਹੋਰ ਬਿਹਤਰ ਢੰਗ ਨਾਲ ਪ੍ਰਦੂਸ਼ਣ ਰਹਿਤ ਬਣਾਉਣ ਲਈ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਜਿਲ੍ਹੇ ਵਿੱਚ 2 ਲੱਖ ਦੇ ਕਰੀਬ ਪੌਦੇ ਵੱਖ-ਵੱਖ ਥਾਵਾਂ ’ਤੇ ਲਗਾਏ ਜਾਣੇ ਹਨ। ਉਨ੍ਹਾਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪੇਂਡੂ ਖੇਤਰ ’ਚ 60 ਹਜ਼ਾਰ ਤੋਂ ਵਧੇਰੇ ਪੌਦੇ ਲਗਾਏ ਜਾ ਚੁੱਕੇ ਹਨ।
ਸ੍ਰੀ ਟੀ.ਬੈਨਿਥ ਨੇ ਦੱਸਿਆ ਕਿ ਵੱਖ-ਵੱਖ ਥਾਵਾਂ ਉੱਪਰ 58000 ਪੌਦੇ ਲਗਾਏ ਗਏ ਸਨ, ਜਿਸ ਤਹਿਤ ਗ੍ਰਾਮ ਪੰਚਾਇਤ ਨੰਗਲ ਖੁਰਦ ਵਿੱਚ 11000 ਪੌਦੇ 4 ਏਕੜ ਰਕਬੇ ਵਿੱਚ ਲਗਵਾਏ ਗਏ ਹਨ ਅਤੇ 6500 ਪੌਦੇ ਗ੍ਰਾਮ ਪੰਚਾਇਤ ਧਲੇਵਾਂ ਵਿਖੇ ਲਗਾਏ ਗਏ ਹਨ, ਇਨ੍ਹਾਂ ਦੋਵੇ ਥਾਵਾਂ ’ਤੇ ਨੇਚਰ ਪਾਰਕ ਵੀ ਤਿਆਰ ਕਰਵਾਇਆ ਜਾਵੇਗਾ।
ਪੁੱਤਰਾਂ ਨੇ ਮਾਂ ਦੀ ਬਰਸੀ ’ਤੇ 1515 ਬੂਟੇ ਲਾਏ
ਮਾਨਸਾ: ਮੈਡੀਕਲ ਲਾਈਨ ਨਾਲ ਜੁੜੇ ਹੋਏ ਮਾਨਸਾ ਸ਼ਹਿਰ ਦੇ ਦੋ ਸਮਾਜ ਸੇਵੀਆਂ ਚਿਮਨ ਲਾਲ ਸਿੰਗਲਾ ਅਤੇ ਰਮੇਸ਼ ਕੁਮਾਰ ਸਿੰਗਲਾ ਨੇ ਅੱਜ ਆਪਣੀ ਮਾਂ ਸ੍ਰੀਮਤੀ ਦਰਸ਼ਨਾ ਦੇਵੀ ਦੀ 15ਵੀਂ ਬਰਸੀ ਮਨਾਉਂਦਿਆਂ ਹੋਇਆ ਸਮਾਜਿਕ ਸਮਾਗਮ ਤੋਂ ਬਾਅਦ ਉਨ੍ਹਾਂ ਦੀ ਯਾਦ ਵਿੱਚ 1515 ਬੂਟੇ ਲਾਏ ਗਏ ਅਤੇ 15 ਧੀਆਂ ਦੇ ਵਿਆਹ ਲਈ ਸੂਟ ਦਾਨ ਕੀਤੇ ਗਏ। ਇਸੇ ਦੌਰਾਨ ਪੁੱਤਰਾਂ ਨੇ ਆਪਣੇ ਪਿਤਾ ਕ੍ਰਿਸ਼ਨ ਕੁਮਾਰ ਸਿੰਗਲਾ ਦੇ ਹੱਥੋਂ ਅਰਵਿੰਦ ਨਗਰ ਕਲੋਨੀ ਦੇ ਪਾਰਕਾਂ ਵਿੱਚ 15 ਫ਼ਲਦਾਰ ਬੂਟੇ ਲਾਏ ਗਏ। ਬੂਟੇ ਲਾਉਣ ਦੌਰਾਨ ਚਿਮਨ ਲਾਲ ਸਿੰਗਲਾ ਅਤੇ ਰਮੇਸ਼ ਕੁਮਾਰ ਸਿੰਗਲਾ ਨੇ ਹੋਰਾਂ ਨੂੰ ਵੀ ਬੂਟੇ ਲਗਾਉਣ ਦਜਾ ਸੱਦਾ ਿਦੱਤਾ।