ਜੋਗਿੰਦਰ ਸਿੰਘ ਮਾਨ
ਮਾਨਸਾ, 9 ਜੂਨ
ਕਪਾਹ ਪੱਟੀ ਵਿੱਚ ਨਰਮੇ ਦੀ ਫ਼ਸਲ ਦੇ ਜਵਾਨ ਹੁੰਦਿਆਂ ਹੀ ਗੁਲਾਬੀ ਸੁੰਡੀ ਦੇ ਹਮਲੇ ਵਾਲੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਖੇਤੀ ਵਿਭਾਗ ਹਰਕਤ ਵਿੱਚ ਆ ਗਿਆ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਏਸੀ ਕਮਰਿਆਂ ’ਚੋਂ ਨਿਕਲ ਦੇ ਖੇਤਾਂ ਦਾ ਰੁੱਖ ਕਰ ਲਿਆ ਹੈ। ਮਹਿਕਮੇ ਦੇ ਉੱਚ ਅਧਿਕਾਰੀਆਂ ਨੇ ਅੱਜ ਮਾਨਸਾ ਖੇਤਰ ਦੇ ਅਨੇਕਾਂ ਖੇਤਾਂ ਦਾ ਦੌਰਾ ਕਰਨ ਤੋਂ ਬਾਅਦ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਇਸ ਹਮਲੇ ਨੂੰ ਈਟੀਐਲ ਲੈਵਲ ਤੋਂ ਹੇਠਾਂ ਕਰਾਰ ਦਿੱਤਾ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਸਰ੍ਹੋਂ ਵਾਲੇ ਖੇਤਾਂ ਵਿੱਚ ਅਗੇਤੇ ਬੀਜੇ ਨਰਮੇ ਉਪਰ ਕਈ ਵਾਰ ਇਹ ਗੁਲਾਬੀ ਸੁੰਡੀ ਹਮਲਾ ਕਰ ਜਾਂਦੀ ਹੈ, ਪਰ ਫ਼ਸਲ ਨੂੰ ਫੁੱਲ ਪੈਣ ਤੋਂ ਪਹਿਲਾਂ ਹੀ ਇਹ ਕੰਟਰੋਲ ਵਿੱਚ ਹੋ ਜਾਂਦੀ ਹੈ।
ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਖੇਤੀਬਾੜੀ ਮਹਿਕਮੇ ਦੇ ਧਿਆਨ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਦੀ ਜਾਣਕਾਰੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਣਕਾਰੀ ਪੰਜਾਬ ਸਰਕਾਰ ਅਤੇ ਖੇਤੀਬਾੜੀ ਮਹਿਕਮੇ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀ। ਵਿਭਾਗ ਦੀ ਇੱਕ ਟੀਮ ਜਿਸ ਦੀ ਅਗਵਾਈ ਜੁਆਇੰਟ ਡਾਇਰੈਕਟਰ ਹਰਿੰਦਰ ਸਿੰਘ, ਡਾ. ਮਨਜੀਤ ਸਿੰਘ, ਡਾ. ਹਰਮਿੰਦਰ ਸਿੰਘ, ਡਾ. ਪ੍ਰਦੀਪ ਸਿੰਘ ਵੱਲੋਂ ਮਾਨਸਾ ਨੇੜਲੇ ਪਿੰਡ ਠੂਠਿਆਂਵਾਲੀ ਅਤੇ ਭੈਣੀਬਾਘਾ ਦੇ ਨਰਮੇ ਵਾਲੇ ਖੇਤਾਂ ਵਿੱਚ ਜਾ ਕੇ ਅਗੇਤੇ ਬੀਜੇ ਨਰਮੇ ਉਪਰ ਇਸ ਗੁਲਾਬੀ ਸੁੰਡੀ ਦੀਆਂ ਹਰਕਤਾਂ ਨੂੰ ਪਰਖਿਆ ਗਿਆ। ਭਾਵੇਂ ਕੁੱਝ ਕੁ ਥਾਵਾਂ ’ਤੇ ਖੇਤੀ ਮਾਹਿਰਾਂ ਵੱਲੋਂ ਇਸ ਦੇ ਪਤੰਗੇ ਵੇਖੇ ਗਏ ਹਨ, ਪਰ ਮਹਿਕਮੇ ਦੇ ਅਧਿਕਾਰੀਆਂ ਅਨੁਸਾਰ ਇਹ ਫ਼ਸਲ ਉਪਰ ਨੁਕਸਾਨ ਕਰਨ ਦੀ ਸਥਿਤੀ ਅਤੇ ਗੰਭੀਰ ਹਮਲੇ ਕਰਨ ਵਰਗੀ ਨੌਬਤ ਨਹੀਂ ਪੈਂਦਾ ਕਰ ਸਕਦੇ। ਮਹਿਕਮੇ ਨੇ ਮੰਨਿਆ ਕਿ ਅਜੇ ਕੀਟਨਾਸ਼ਕਾਂ ਦਵਾਈਆਂ ਦੇ ਸਹਾਰੇ ਇਨ੍ਹਾਂ ਨੂੰ ਖ਼ਤਮ ਕਰਨ ਵਰਗੀ ਪੁਜ਼ੀਸ਼ਨ ਨਹੀਂ ਹੈ।