ਪੱਤਰ ਪੇ੍ਰਕ
ਕਾਲਾਂਵਾਲੀ, 16 ਅਕਤੂਬਰ
ਇੱਥੋਂ ਦੀ ਸੀ.ਆਈ.ਏ. ਪੁਲੀਸ ਦੀ ਟੀਮ ਨੇ ਪਿੰਡ ਭਾਵਦੀਨ ਖੇਤਰ ਵਿੱਚ ਗਸ਼ਤ ਅਤੇ ਚੈਕਿੰਗ ਕਰਕੇ ਇੱਕ ਵਿਅਕਤੀ ਨੂੰ ਹਜ਼ਾਰਾਂ ਰੁਪਏ ਦੀ ਅਫੀਮ ਸਮੇਤ ਕਾਬੂ ਕੀਤਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਆਈ.ਏ. ਕਾਲਾਂਵਾਲੀ ਦੇ ਇੰਚਾਰਜ ਰਾਜਪਾਲ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਹਰਿੰਦਰ ਕੁਮਾਰ ਵਾਸੀ ਝਾਰਖੰਡ ਵਜੋਂ ਹੋਈ ਹੈ| ਉਨ੍ਹਾਂ ਦੱਸਿਆ ਕਿ ਸੀਆਈਏ ਕਾਲਾਂਵਾਲੀ ਦੇ ਸਹਾਇਕ ਸਬ ਇੰਸਪੈਕਟਰ ਰਾਮਫਲ ਦੀ ਅਗਵਾਈ ਹੇਠ ਪੁਲੀਸ ਟੀਮ ਗਸ਼ਤ ਅਤੇ ਚੈਕਿੰਗ ਲਈ ਟੋਲ ਪਲਾਜ਼ਾ ਤੋਂ ਭਾਵਦੀਨ ਵੱਲ ਜਾ ਰਹੀ ਸੀ| ਜਦੋਂ ਪੁਲੀਸ ਪਾਰਟੀ ਬੱਸ ਸਟੈਂਡ ਭਾਵਦੀਨ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਇਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ, ਜਿਸ ਨੇ ਪੁਲਸ ਪਾਰਟੀ ਨੂੰ ਸਾਹਮਣੇ ਦੇਖ ਕੇ ਅਚਾਨਕ ਪਿੱਛੇ ਮੁੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਕਤ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਲਿਆ| ਗਜ਼ਟਿਡ ਅਫਸਰ ਵਿਨੋਦ ਕੁਮਾਰ ਪੀ.ਜੀ.ਟੀ. ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਿੰਡ ਕੋਟਲੀ ਦੀ ਮੌਜੂਦਗੀ ’ਚ ਤਲਾਸ਼ੀ ਲੈਣ ’ਤੇ ਉਸ ਦੇ ਕਬਜ਼ੇ ’ਚੋਂ 630 ਗ੍ਰਾਮ ਅਫੀਮ ਬਰਾਮਦ ਹੋਈ| ਕਾਬੂ ਕੀਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ| ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ’ਚ ਫੜੇ ਗਏ ਮੁਲਜ਼ਮ ਨੇ ਦੱਸਿਆ ਕਿ ਇਹ ਅਫੀਮ ਉਸ ਨੂੰ ਪੂਰਨ ਵਾਸੀ ਝਾਰਖੰਡ ਨੇ ਦਿੱਤੀ ਸੀ|