ਪੁਨੀਤ ਮੈਨਨ
ਧਨੌਲਾ, 24 ਜੁਲਾਈ
ਨਜ਼ਦੀਕੀ ਪਿੰਡ ਕੁੁੱਬੇ ਦੇ ਲੋਕਾਂ ਨੇ ਪੋਲਟਰੀ ਫਾਰਮ ਦੀ ਗੰਦਗੀ ਤੋਂ ਅੱਕ ਕੇ ਫਾਰਮ ਅੱਗੇ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀ ਔੌਰਤਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪੋਲਟਰੀ ਫਾਰਮ ਦੀ ਗੰਦਗੀ ਕਾਰਨ ਇਲਾਕੇ ਵਿੱਚ ਵੱਡੇ ਪੱਧਰ ’ਤੇ ਮੱਖੀਆਂ ਪਲ ਰਹੀਆਂ ਹਨ ਜਿਸ ਕਾਰਨ ਉਹ ਘਰ ਬੰਦ ਕਰਕੇ ਰੱਖਣ ਲਈ ਮਜਬੂਰ ਹਨ ਅਤੇ ਮੱਖੀਆਂ ਦੀ ਸੰਖਿਆ ਇੰਨੀ ਜ਼ਿਆਦਾ ਹੈ ਕਿ ਉਨ੍ਹਾਂ ਦਾ ਖਾਣਾ-ਪੀਣਾ ਵੀ ਦੁੱਭਰ ਹੋ ਚੁੱਕਿਆ ਹੈ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਪੋਲਟਰੀ ਫਾਰਮ ਨਜ਼ਦੀਕ ਖੇਤਾਂ ਵਿੱਚ ਕੰਮ ਕਰਦੇੇ ਨੌਜਵਾਨ ਬਲਕਾਰ ਸਿੰਘ ਨੇ ਦੱਸਿਆ ਕਿ ਪੋਲਟਰੀ ਫਾਰਮ ਵਿੱਚ ਪਾਣੀ ਦਾ ਨਿਕਾਸੀ ਸਿਸਟਮ ਨਹੀਂ ਹੈ ਜਿਸ ਕਾਰਨ ਫਾਰਮ ਦਾ ਗੰਦਾ ਪਾਣੀ ਖਾਲ ਰਾਹੀਂ ਉਨ੍ਹਾਂ ਦੇ ਖੇਤਾਂ ਵਿੱਚ ਆ ਜਾਂਦਾ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਮਸਲੇ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਪੋਲਟਰੀ ਫਾਰਮ ਦੇ ਮਾਲਕ ਸਿਖਰ ਚੰਦ ਨੇ ਪਿੰਡ ਦੇ ਲੋਕਾਂ ਨੂੰ ਇਸ ਸਮੱਸਿਆ ਦਾ ਹੱਲ ਇੱਕ ਹਫਤੇ ਦੇ ਅੰਦਰ ਅੰਦਰ ਹੋਣ ਦਾ ਭਰੋਸਾ ਦਿੱਤਾ। ਇਸ ਮੌਕੇ ਮੱਪੀ ਕੁੱਬੇ ਪ੍ਰਧਾਨ ਬੀਕੇਯੂ ਉਗਰਾਹਾਂ, ਮਨਜਿੰਦਰ ਸਿੰਘ, ਜੱਗਾ ਸਿੰਘ, ਮਲਕੀਤ ਸਿੰਘ ਅਤੇ ਪਰਦੀਪ ਸਿੰਘ ਮੌਜੂਦ ਸਨ।