ਪੱਤਰ ਪ੍ਰੇਰਕ
ਮਾਨਸਾ, 14 ਅਗਸਤ
ਜ਼ਿਲ੍ਹੇ ਦੇ ਸਮੂਹ ਪਟਵਾਰੀਆਂ ਅਤੇ ਕਾਨੂੰਗੋਆਂ ਵੱਲੋਂ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੂੰ ਮੰਗ ਪੱਤਰ ਦਿੱਤਾ ਗਿਆ। ਜਥੇਬੰਦਕ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਮਾਲ ਪਟਵਾਰੀ ਦੀਆਂ ਅਸਾਮੀਆਂ ਦਾ ਪੁਨਰਗਠਨ ਕਰਦੇ ਹੋਏ ਪਟਵਾਰੀਆਂ ਦੀਆਂ ਪੰਜਾਬ ਵਿੱਚ ਅਸਾਮੀਆਂ ਦੀ ਗਿਣਤੀ 4716 ਤੋਂ ਘਟਾਕੇ 3660 ਕਰ ਦਿੱਤੀ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ 13 ਜ਼ਿਲ੍ਹਿਆਂ ਤੋਂ 23 ਅਤੇ ਤਹਿਸੀਲਾਂ 62 ਤੋਂ 96 ਬਣ ਚੁੱਕੀਆਂ ਹਨ ਅਤੇ ਬੀਤੇ ਸਾਲਾਂ ਵਿੱਚ ਪੰਜਾਬ ਦਾ ਸ਼ਹਿਰੀਕਰਨ ਹੋਣ ਤੇ ਨਵੇਂ ਜ਼ਿਲ੍ਹੇ ਤੇ ਤਹਿਸੀਲਾਂ ਬਣਨ ਨਾਲ ਪਟਵਾਰੀ ਦਾ ਕੰਮ ਵਧ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਮੱਸਿਆ ਲਈ ਜਥੇਬੰਦੀ ਵੱਲੋਂ ਸਮੇਂ-ਸਮੇਂ ’ਤੇ ਹੋਈਆਂ ਮੀਟਿੰਗਾਂ ਵਿੱਚ ਮਾਲ ਮਹਿਕਮੇ ਦੇ ਉੱਚ ਅਧਿਕਾਰੀਆਂ ਤੇ ਰਾਜਨੀਤਿਕ ਆਗੂਆਂ ਨੂੰ ਦੱਸਿਆ ਜਾਂਦਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਮਾਲ ਪਟਵਾਰੀਆਂ ਦੀਆਂ ਅਸਾਮੀਆਂ ਵਿੱਚ ਤੁਰੰਤ ਵਾਧਾ ਕੀਤਾ ਜਾਵੇ।
ਇਸ ਮੌਕੇ ਚਤਿੰਦਰ ਸ਼ਰਮਾ, ਹਰਪ੍ਰੀਤ ਸਿੰਘ, ਪਰਦੀਪ ਸ਼ਰਮਾ, ਹਰਮਨਜੀਤ ਸਿੰਘ, ਗੁਰਵਿੰਦਰ ਸਿੰਘ, ਲਖਵਿੰਦਰ ਸਿੰਘ, ਵੇਦ ਪ੍ਰਕਾਸ਼, ਗੁਣਸ਼ੀਲ ਸਿੰਗਲਾ ਵੀ ਮੌਜੂਦ ਸਨ।