ਰਾਜਿੰਦਰ ਵਰਮਾ
ਭਦੌੜ, 30 ਜਨਵਰੀ
ਕਾਂਗਰਸ ਹਾਈ ਕਮਾਨ ਵੱਲੋਂ ਵਿਧਾਨ ਸਭਾ ਹਲਕਾ ਭਦੌੜ ਤੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭਦੌੜ ਦੇ ਚੋਣ ਪਿੜ ਵਿੱਚ ਉਤਾਰਨ ਦੀ ਖ਼ਬਰ ਨਸਰ ਹੁੰਦਿਆਂ ਹੀ ਜਿੱਥੇ ਕਾਂਗਰਸੀ ਖੇਮਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ, ਉਥੇ ਕਾਂਗਰਸ ਪਾਰਟੀ ਦੇ ਦਫ਼ਤਰ ਵਿੱਚ ਆਮ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਲੱਡੂ ਵੰਡ ਕੇ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਗਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਲਕੇ 10 ਵਜੇ ਭਦੌੜ ਪੁੱਜ ਕੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਜਾਣਗੇ।
ਜ਼ਿਲ੍ਹਾ ਬਰਨਾਲਾ ਦੇ ਅਬਜ਼ਰਬਰ ਸੀਤਾ ਰਾਮ ਲਾਂਬਾ ਅਤੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ ਨੇ ਪਾਰਟੀ ਦਫ਼ਤਰ ਪੁੱਜੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕਾ ਭਦੌੜ ਤੋਂ ਚੋਣ ਲੜਨ ਨਾਲ ਸਾਰੇ ਹਲਕੇ ਦੇ ਭਾਗ ਖੁੱਲ੍ਹ ਗਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸ੍ਰੀ ਚੰਨੀ ਨੂੰ ਮੈਦਾਨ ਵਿੱਚ ਉਤਾਰਨ ਨਾਲ ਹਲਕੇ ਦੇ ਹਰ ਆਗੂ ਅਤੇ ਵਰਕਰਾਂ ਤੇ ਹਲਕਾ ਭਦੌੜ ਤੋਂ ਵੱਡੀ ਜਿੱਤ ਦਿਵਾਉਣ ਦੀ ਜ਼ਿੰਮੇਵਾਰੀ ਪੈ ਗਈ ਹੈ। ਕਾਂਗਰਸ ਨਾਲ ਨਾਰਾਜ਼ ਚੱਲ ਰਹੇ ਪਾਰਟੀ ਦੇ ਇੱਕ ਧੜੇ ਨੇ ਅੱਜ ਦੇ ਸਮਾਗਮ ਤੋਂ ਦੂਰੀ ਬਣਾਈ ਰੱਖੀ, ਜਿਸ ਨੂੰ ਚਰਚਾ ਦਾ ਦੌਰ ਗਰਮ ਰਿਹਾ।