ਜਗਤਾਰ ਅਨਜਾਣ
ਮੌੜ ਮੰਡੀ, 7 ਜਨਵਰੀ
ਹਲਕੇ ਦੇ ਵਿਕਾਸ ਲਈ ਭੇਜੇ ਜਾਂਦੇ ਸਰਕਾਰੀ ਫੰਡ ਪੰਚਾਇਤਾਂ ਨੂੰ ਦੇਣ ਦੀ ਬਜਾਏ ਬਲਾਕ ਸਮਿਤੀ ਮੌੜ ਨੂੰ ਦੇਣ ਦੇ ਵਿਰੋਧ ’ਚ ਸਰਪੰਚਾਂ ਵੱਲੋਂ ਬੀਤੇ ਦਿਨੀਂ ਲਗਾਏ ਗਏ ਧਰਨੇ ਮਗਰੋਂ ਗਰਾਂਟ, ਸਮਿਤੀ ਤੋਂ ਲੈ ਕੇ ਗ੍ਰਾਮ ਪੰਚਾਇਤਾਂ ਨੂੰ ਸੌਂਪ ਦਿੱਤੀ ਗਈ ਹੈ। ਜ਼ਿਲ੍ਹਾ ਯੋਜਨਾ ਕਮੇਟੀ ਨੇ ਇਹ ਅਧਿਕਾਰੀ ਪੰਚਾਇਤਾਂ ਨੂੰ ਦਿੱਤੇ ਹਨ। ਅੱਜ ਬੀਡੀਪੀਓ ਦਫ਼ਤਰ ਮੌੜ ਵਿੱਚ ਪਿੰਡ ਰਾਏ ਖਾਨਾ, ਕੋਟਭਾਰਾ, ਰਾਮਗੜ੍ਹ ਭੂੰਦੜ ਤੇ ਘੁੰਮਣ ਕਲਾਂ ਦੀਆਂ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਨੂੰ ਵਿਕਾਸ ਕਾਰਜਾਂ ਦੇ ਚੈੱਕ ਸੌਂਪੇ ਗਏ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਪੰਚਾਇਤੀ ਕੰਮਾਂ ਵਿੱਚ ਕਾਂਗਰਸ ਦੇ ਹਲਕਾ ਇੰਚਾਰਜ ਵੱਲੋਂ ਕੀਤੀ ਜਾ ਰਹੀ ਬੇਲੋੜੀ ਦਖਲ਼ਅੰਦਾਜ਼ੀ ਤੋਂ ਤੰਗ ਆਏ ਚਾਰ ਪਿੰਡਾਂ ਦੀਆ ਗ੍ਰਾਮ ਪੰਚਾਇਤਾਂ ਨੇ ਬੀਡੀਪੀਓ ਦਫ਼ਤਰ ਵਿੱਚ ਪ੍ਰਦਰਸ਼ਨ ਕਰਦਿਆਂ ਹਲਕਾ ਇੰਚਾਰਜ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਸੀ। ਅੱਜ ਰਾਮਗੜ੍ਹ ਭੂੰਦੜ ਦੇ ਸਰਪੰਚ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕਾਂਗਰਸ ਦੇ ਹਲਕਾ ਇੰਚਾਰਜ ਵੱਲੋਂ ਪੰਚਾਇਤੀ ਰਾਜ ਐਕਟ ਦੀਆਂ ਧੱਜੀਆਂ ਉਡਾਉਂਦਿਆਂ ਪੰਚਾਇਤਾਂ ਦੇ ਅਧਿਕਾਰ ਖਤਮ ਕਰਕੇ ਸਰਕਾਰੀ ਫੰਡ ਖਰਚਣ ਦੇ ਅਧਿਕਾਰ ਪੰਚਾਇਤ ਸਮਿਤੀ ਨੂੰ ਦੇ ਦਿੱਤੇ ਗਏ ਸਨ ਜਦੋਂ ਕਿ ਚਾਰੇ ਗ੍ਰਾਮ ਪੰਚਾਇਤਾਂ ਦੇ ਕੋਰਮ ਪੂਰੇ ਹਨ।
ਇਸ ਸਬੰਧੀ ਰਾਏ ਖਾਨਾ ਦੇ ਸਰਪੰਚ ਮਲਕੀਤ ਖਾਨ ਨੇ ਕਿਹਾ ਕਿ ਪਿੰਡ ਲਈ ਵਿਕਾਸ ਕਾਰਜਾਂ ਦੇ ਕੰਮ ਲਈ ਪ੍ਰਾਪਤ ਹੋਈ ਗਰਾਂਟ ਨਾਲ ਮਨਜ਼ੂਰ ਹੋਈ ਵਿਕਾਸ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਸਰਬਪੱਖੀ ਵਿਕਾਸ ਕਾਰਜਾਂ ਤਹਿਤ ਕਿਸੇ ਨਾਲ ਕੋਈ ਪੱਖਪਾਤ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਨਿਰਮਾਣ ਸਕੀਮ ਤਹਿਤ ਗ੍ਰਾਮ ਪੰਚਾਇਤ ਰਾਏ ਖਾਨਾ ਨੂੰ 22 ਲੱਖ ਰੁਪਏ, ਕੋਟਭਾਰਾ ਨੂੰ 14 ਲੱਖ, ਰਾਮਗੜ੍ਹ ਭੂੰਦੜ 24 ਲੱਖ ਰੁਪਏ ਅਤੇ ਪਿੰਡ ਘੁੰਮਣ ਕਲਾਂ ਨੂੰ 34 ਲੱਖ ਰੁਪਏ ਵਿਕਾਸ ਕਾਰਜਾਂ ਲਈ ਚੈੱਕ ਸੌਂਪੇ ਗਏ ਹਨ।